ਪੰਜਾਬ ਤੋਂ ਪੈਂਟਾਗਨ ਤੱਕ : ਚੀਨੀ ਮਿਜ਼ਾਈਲ ਨੂੰ ਲੈ ਕੇ ਪੂਰੀ ਦੁਨੀਆ ’ਚ ਦਿਲਚਸਪੀ
Thursday, May 22, 2025 - 11:52 PM (IST)

ਨੈਸ਼ਨਲ ਡੈਸਕ- ਹਾਲ ਹੀ ਵਿਚ ਭਾਰਤ-ਪਾਕਿਸਤਾਨ ਦਰਮਿਆਨ ਹੋਏ ਸੰਘਰਸ਼ ਦੌਰਾਨ ਭਾਰਤੀ ਫੌਜ ਵੱਲੋਂ ਡੇਗੀ ਗਈ ਚੀਨ ਦੀ ਬਣੀ ਪੀ. ਐੱਲ. -15 ਹਵਾ ਤੋਂ ਹਵਾ ਵਿਚ ਮਾਰ ਕਰਨ ਵਾਲੀ ਮਿਜ਼ਾਈਲ ਦੇ ਟੁਕੜਿਆਂ ਨੇ ਖੁਫੀਆ ਜਾਣਕਾਰੀ ਇਕੱਠੀ ਕਰਨ ਲਈ ਦੁਨੀਆ ਭਰ ਵਿਚ ਦਿਲਚਸਪੀ ਪੈਦਾ ਕੀਤੀ ਹੈ।
ਫਾਈਵ ਆਈਜ਼ ਅਲਾਇੰਸ, ਜਿਸ ਵਿਚ ਅਮਰੀਕਾ, ਬ੍ਰਿਟੇਨ, ਕੈਨੇਡਾ, ਆਸਟ੍ਰੇਲੀਆ ਅਤੇ ਨਿਊਜ਼ੀਲੈਂਡ ਸ਼ਾਮਲ ਹਨ, ਤੋਂ ਇਲਾਵਾ ਫਰਾਂਸ ਅਤੇ ਜਾਪਾਨ ਵੀ ਮਿਜ਼ਾਈਲ ਦੇ ਟੁਕੜਿਆਂ ਤੱਕ ਪਹੁੰਚ ਚਾਹੁੰਦੇ ਹਨ, ਉਹ ਚੀਨ ਦੀ ਅਤੀ-ਆਧੁਨਿਕ ਫੌਜੀ ਤਕਨੀਕ ਦੇ ਰਾਜ਼ਾਂ ਦੀ ਜਾਂਚ ਕਰਨ ਲਈ ਉਤਸੁਕ ਹਨ।
7 ਤੋਂ 10 ਮਈ ਤੱਕ ਭਾਰਤ-ਪਾਕਿ ਵਿਚਾਲੇ ਭਿਆਨਕ ਹਵਾਈ ਹਮਲੇ ਹੋਏ, ਜਿਥੇ ਪਾਕਿਸਤਾਨ ਨੇ ਭਾਰਤੀ ਫੌਜ ਿਵਰੁੱਧ ਚੀਨ ਤੋਂ ਮਿਲੇ ਜੇ-10ਸੀ ਅਤੇ ਜੇ. ਐੱਫ.-17 ਜੈੱਟ ਨਾਲ ਚੀਨੀ ਪੀ. ਐੱਲ.-15ਈ ਮਿਜ਼ਾਈਲਾਂ ਦੀ ਵਰਤੋਂ ਕੀਤੀ। ਭਾਰਤੀ ਫੌਜ ਨੇ ਅਜਿਹੀ ਹੀ ਇਕ ਮਿਜ਼ਾਈਲ ਨੂੰ ਡੇਗ ਦਿੱਤਾ, ਜਿਸਦਾ ਮਲਬਾ ਪੰਜਾਬ ਦੇ ਹੁਸ਼ਿਆਰਪੁਰ ਵਿਚ ਡਿੱਿਗਆ। ਇਹ ਮਲਬਾ ਹੁਣ ਉਨ੍ਹਾਂ ਦੇਸ਼ਾਂ ਲਈ ਉਪਯੋਗੀ ਹੈ ਜੋ ਚੀਨ ਦੀ ਉੱਨਤ ਹਥਿਆਰ ਤਕਨੀਕ ਨੂੰ ਸਮਝਣਾ ਚਾਹੁੰਦੇ ਹਨ।
ਏਵੀਏਸ਼ਨ ਇੰਡਸਟਰੀ ਕਾਰਪੋਰੇਸ਼ਨ ਆਫ਼ ਚਾਈਨਾ (ਏ. ਵੀ. ਆਈ. ਸੀ.) ਵੱਲੋਂ ਵਿਕਸਤ ਪੀ. ਐੱਲ-15 ਇਕ ਲੰਬੀ ਦੂਰੀ ਦੀ ਹਵਾ ਤੋਂ ਹਵਾ ਵਿਚ ਮਾਰ ਕਰਨ ਵਾਲੀ ਮਿਜ਼ਾਈਲ ਹੈ ਜੋ ਅਮਰੀਕੀ ਏ. ਆਈ. ਐੱਮ.-120ਡੀ ਅਤੇ ਯੂਰਪ ਦੀ ਐੱਮ. ਬੀ. ਡੀ. ਏ. ਮੀਟੀਓਰ ਮਿਜ਼ਾਈਲ ਨਾਲ ਮੁਕਾਬਲਾ ਕਰਨ ਲਈ ਡਿਜ਼ਾਈਨ ਕੀਤੀ ਗਈ ਹੈ।
ਇਕ ਐਕਟਿਵ ਇਲੈਕਟ੍ਰਾਨਿਕਲੀ ਸਕੈਂਡ ਐਰੇ (ਏ. ਈ. ਐੱਸ. ਏ.) ਰਾਡਾਰ ਸੀਕਰ, ਇਕ ਡੁਅਲ-ਪਲਸ ਰਾਕੇਟ ਮੋਟਰ ਅਤੇ ਇਕ ਟੂ-ਵੇਅ ਡਾਟਾ ਲਿੰਕ ਨਾਲ ਲੈਸ, ਇਸ ਮਿਜ਼ਾਈਲ ਦੀ ਰੇਂਜ 200-300 ਕਿਲੋਮੀਟਰ ਹੈ ਜਦੋਂ ਕਿ ਪਾਕਿਸਤਾਨ ਨੇ ਪੀ. ਐੱਲ.-15ਈ ਦੇ ਹੇਠਲੇ ਐਡੀਸ਼ਨ ਦੀ ਵਰਤੋਂ ਕੀਤੀ ਹੈ, ਜਿਸਦੀ ਰੇਂਜ 145 ਕਿਲੋਮੀਟਰ ਹੈ।
ਮਲਬੇ ਦੇ ਵਿਸ਼ਲੇਸ਼ਣ ਤੋਂ ਇਸਦੇ ਗਾਈਡੈਂਸ, ਪ੍ਰਚਲਨ ਅਤੇ ਇਲੈਕਟ੍ਰਾਨਿਕ ਜੰਗ ਸਮਰੱਥਾਵਾਂ ਬਾਰੇ ਵੇਰਵੇ ਸਾਹਮਣੇ ਆ ਸਕਦੇ ਹਨ, ਜੋ ਚੀਨ ਦੀ ਫੌਜੀ ਤਾਕਤ ਦੀ ਇਕ ਦੁਰਲੱਭ ਝਲਕ ਪੇਸ਼ ਕਰਦੇ ਹਨ। ਫਾਈਵ ਆਈਜ਼, ਵਿਸ਼ੇਸ਼ ਤੌਰ ’ਤੇ ਅਮਰੀਕਾ ਲਈ ਇਹ ਖੁਫੀਆ ਜਾਣਕਾਰੀ ਪੇਈਚਿੰਗ ਦੇ ਪ੍ਰਭਾਵ ਦਾ ਮੁਕਾਬਲਾ ਕਰਨ ਲਈ ਅਹਿਮ ਹੈ।
ਮਿਜ਼ਾਈਲ ਦਾ ਮਲਬਾ ਪਾਕਿਸਤਾਨ ਦੇ ਮੁੱਖ ਹਥਿਆਰ ਸਪਲਾਇਰ ਵਜੋਂ ਚੀਨ ਦੀ ਭੂਮਿਕਾ ਨੂੰ ਦਰਸਾਉਂਦਾ ਹੈ, ਜੋ ਦੱਖਣੀ ਏਸ਼ੀਆ ਵਿਚ ਹਥਿਆਰਾਂ ਦੀ ਦੌੜ ਨੂੰ ਹੱਲਾਸ਼ੇਰੀ ਦਿੰਦਾ ਹੈ। ਅੱਤਵਾਦੀ ਢਾਂਚੇ ਨੂੰ ਨਿਸ਼ਾਨਾ ਬਣਾਉਣ ਵਾਲੇ ਭਾਰਤ ਦੇ ‘ਆਪ੍ਰੇਸ਼ਨ ਸਿੰਧੂਰ’ ਨੇ ਪਾਕਿਸਤਾਨ ਦੀ ਚੀਨੀ ਤਕਨੀਕ ’ਤੇ ਨਿਭਰਤਾ ਨੂੰ ਉਜਾਗਰ ਕੀਤਾ। ਕਿਉਂਕਿ ਭਾਰਤ ਮਿਜ਼ਾਈਲ ਦੇ ਮਲਬੇ ਨੂੰ ਸਾਂਝਾ ਕਰਨ ’ਤੇ ਵਿਚਾਰ ਕਰ ਰਿਹਾ ਹੈ, ਇਸ ਲਈ ਇਸ ’ਤੇ ਦਾਅ ਉੱਚੇ ਹਨ। ਇਸਦੀ ਜਾਂਚ ਦੇ ਨਤੀਜੇ ਹਿੰਦ-ਪ੍ਰਸ਼ਾਂਤ ਖੇਤਰ ਵਿਚ ਫੌਜੀ ਰਣਨੀਤੀਆਂ ਅਤੇ ਗੱਠਜੋੜਾਂ ਨੂੰ ਨਵਾਂ ਰੂਪ ਦੇ ਸਕਦੇ ਹਨ ਅਤੇ ਵਿਸ਼ਵ ਸ਼ਕਤੀ ਸੰਤੁਲਨ ਵਿਚ ਇਕ ਨਵਾਂ ਅਧਿਆਏ ਜੋੜ ਸਕਦੇ ਹਨ।