''''ਧਰਮਿੰਦਰਾ, ਤੂੰ ਤਾਂ ਐਕਟਰ ਬਣ ਗਿਆ ਓਏ...'''', ਪੰਜਾਬ ''ਚ ਗੈਰੇਜ ''ਚ ਕੰਮ ਕਰਨ ਤੋਂ ਲੈ ਕੇ ਬਾਲੀਵੁੱਡ ''ਤੇ ਰਾਜ ਕਰਨ ਤੱਕ ਦਾ ਸਫ਼ਰ
Monday, Nov 24, 2025 - 04:15 PM (IST)
ਮੁੰਬਈ- ਬਾਲੀਵੁੱਡ ਦੇ ਦਿੱਗਜ ਅਦਾਕਾਰ ਅਤੇ 'ਹੀ-ਮੈਨ' ਵਜੋਂ ਮਸ਼ਹੂਰ ਧਰਮਿੰਦਰ ਦੇ ਦਿਹਾਂਤ ਨਾਲ ਹਿੰਦੀ ਸਿਨੇਮਾ ਦੇ ਇੱਕ ਯੁੱਗ ਦਾ ਅੰਤ ਹੋ ਗਿਆ ਹੈ। ਅੱਜ ਲੱਖਾਂ ਪ੍ਰਸ਼ੰਸਕਾਂ ਦੀਆਂ ਅੱਖਾਂ ਉਨ੍ਹਾਂ ਦੀ ਯਾਦ ਵਿੱਚ ਨਮ ਹਨ, ਕਿਉਂਕਿ ਉਨ੍ਹਾਂ ਨੇ ਇਹ ਪਿਆਰ ਅਤੇ ਸਨਮਾਨ ਸਾਲਾਂ ਦੇ ਸਖ਼ਤ ਸੰਘਰਸ਼ ਤੋਂ ਬਾਅਦ ਹਾਸਲ ਕੀਤਾ ਸੀ। ਧਰਮਿੰਦਰ ਨੇ ਪੰਜਾਬ ਤੋਂ ਮੁੰਬਈ ਤੱਕ ਦਾ ਸਫ਼ਰ ਬਹੁਤ ਸਾਰੀਆਂ ਮੁਸ਼ਕਲਾਂ ਅਤੇ ਚੁਣੌਤੀਆਂ ਦਾ ਸਾਹਮਣਾ ਕਰਕੇ ਪੂਰਾ ਕੀਤਾ ਸੀ।
ਫਿਲਮਫੇਅਰ ਕੰਟੈਸਟ ਜਿੱਤ ਕੇ ਆਏ ਮੁੰਬਈ ਪਰ ਨਹੀਂ ਸੀ ਰਹਿਣ ਲਈ ਘਰ
ਧਰਮਿੰਦਰ ਪੰਜਾਬ ਦੇ ਇੱਕ ਜਾਟ ਪਰਿਵਾਰ ਨਾਲ ਸਬੰਧਤ ਸਨ। ਉਹ ਫਿਲਮਫੇਅਰ ਕੰਟੈਸਟ ਵਿੱਚ ਸਿਲੈਕਟ ਹੋ ਕੇ ਮੁੰਬਈ ਪਹੁੰਚੇ ਸਨ। ਉਨ੍ਹਾਂ ਨੇ ਆਪਣੇ ਸੰਘਰਸ਼ ਦੇ ਦਿਨਾਂ ਨੂੰ ਯਾਦ ਕਰਦਿਆਂ ਭਾਵੁਕ ਹੋ ਕੇ ਦੱਸਿਆ ਸੀ ਕਿ ਮੁੰਬਈ ਵਿੱਚ ਉਨ੍ਹਾਂ ਦੇ ਰਹਿਣ ਲਈ ਘਰ ਨਹੀਂ ਸੀ, ਜਿਸ ਕਾਰਨ ਉਨ੍ਹਾਂ ਦਿਨਾਂ ਵਿੱਚ ਉਹ ਗੈਰੇਜ ਵਿੱਚ ਸੋਇਆ ਕਰਦੇ ਸਨ। ਪੈਸੇ ਕਮਾਉਣ ਦੀ ਚਾਹਤ ਵਿੱਚ, ਉਨ੍ਹਾਂ ਨੇ ਇੱਕ ਡ੍ਰਿਲਿੰਗ ਫਰਮ ਵਿੱਚ ਪਾਰਟ-ਟਾਈਮ ਕੰਮ ਕਰਨਾ ਸ਼ੁਰੂ ਕੀਤਾ, ਜਿਸ ਬਦਲੇ ਉਨ੍ਹਾਂ ਨੂੰ ਸਿਰਫ਼ 200 ਰੁਪਏ ਮਿਲਦੇ ਸਨ।
ਕਈ ਰਾਤਾਂ ਭੁੱਖੇ ਪੇਟ ਗੁਜ਼ਾਰੀਆਂ
ਧਰਮਿੰਦਰ ਨੇ ਇੱਕ ਇੰਟਰਵਿਊ ਵਿੱਚ ਦੱਸਿਆ ਸੀ ਕਿ ਉਨ੍ਹਾਂ ਦਾ ਇੱਕ ਪੰਜਾਬੀ ਦੋਸਤ ਉਨ੍ਹਾਂ ਦੇ ਨਾਲ ਮੁੰਬਈ ਆਇਆ ਸੀ ਅਤੇ ਉਹ ਦੋਵੇਂ ਰੇਲਵੇ ਕੁਆਰਟਰ ਦੀ ਬਾਲਕਨੀ ਵਿੱਚ ਕਿਰਾਏ 'ਤੇ ਰਹਿੰਦੇ ਸਨ। ਉਨ੍ਹਾਂ ਨੇ ਇਹ ਵੀ ਦੱਸਿਆ ਕਿ ਉਨ੍ਹਾਂ ਨੂੰ ਕਈ ਰਾਤਾਂ ਅਜਿਹੀਆਂ ਵੀ ਆਈਆਂ ਜਦੋਂ ਉਨ੍ਹਾਂ ਨੂੰ ਭੁੱਖੇ ਪੇਟ ਸੌਣਾ ਪਿਆ। ਧਰਮਿੰਦਰ ਨੇ ਸਾਂਝਾ ਕੀਤਾ ਸੀ ਕਿ ਉਹ ਸਕੂਲ ਤੋਂ ਬਾਅਦ ਇੱਕ ਪੁਲ ਦੇ ਕੋਲ ਜਾ ਕੇ ਬੈਠ ਜਾਂਦੇ ਸਨ ਅਤੇ ਉੱਥੇ ਬੈਠ ਕੇ ਆਪਣੀ ਮੰਜ਼ਿਲ ਬਾਰੇ ਸੋਚਦੇ ਸਨ। ਉਨ੍ਹਾਂ ਨੇ ਖੁਲਾਸਾ ਕੀਤਾ ਕਿ ਜਦੋਂ ਉਹ ਅੱਜ ਉਸੇ ਜਗ੍ਹਾ ਜਾਂਦੇ ਹਨ, ਤਾਂ ਉਨ੍ਹਾਂ ਨੂੰ ਇੱਕ ਆਵਾਜ਼ ਸੁਣਾਈ ਦਿੰਦੀ ਹੈ: "ਧਰਮਿੰਦਰ ਤੂੰ ਐਕਟਰ ਬਣ ਗਿਆ"।
300 ਤੋਂ ਵੱਧ ਫਿਲਮਾਂ ਦਾ ਸ਼ਾਨਦਾਰ ਕਰੀਅਰ
ਕਈ ਦਿਨਾਂ ਤੱਕ ਭਟਕਣ ਤੋਂ ਬਾਅਦ, ਧਰਮਿੰਦਰ ਨੂੰ ਆਖ਼ਰਕਾਰ ਸਾਲ 1960 ਵਿੱਚ ਅਰਜੁਨ ਹਿੰਗੋਰਾਨੀ ਦੀ ਫਿਲਮ 'ਦਿਲ ਵੀ ਤੇਰਾ ਹਮ ਵੀ ਤੇਰੇ' ਨਾਲ ਬਾਲੀਵੁੱਡ ਵਿੱਚ ਡੈਬਿਊ ਕਰਨ ਦਾ ਮੌਕਾ ਮਿਲਿਆ। ਇਸ ਤੋਂ ਬਾਅਦ, ਉਨ੍ਹਾਂ ਨੇ ਕਦੇ ਪਿੱਛੇ ਮੁੜ ਕੇ ਨਹੀਂ ਦੇਖਿਆ ਅਤੇ ਆਪਣੇ ਫਿਲਮੀ ਕਰੀਅਰ ਵਿੱਚ 300 ਤੋਂ ਵੱਧ ਫਿਲਮਾਂ ਵਿੱਚ ਕੰਮ ਕੀਤਾ। ਉਨ੍ਹਾਂ ਨੇ 'ਸ਼ੋਲੇ', 'ਹਕੀਕਤ', 'ਫੂਲ ਔਰ ਪੱਥਰ', 'ਸਮਾਧੀ', 'ਬਲੈਕ ਮੇਲ', 'ਪ੍ਰੋਫੈਸਰ ਪਿਆਰੇਲਾਲ', 'ਰਜ਼ੀਆ ਸੁਲਤਾਨ', 'ਪੁਲਿਸਵਾਲਾ ਗੁੰਡਾ', 'ਯਮਲਾ ਪਗਲਾ ਦੀਵਾਨਾ' ਅਤੇ 'ਅਪਨੇ' ਵਰਗੀਆਂ ਕਈ ਬਿਹਤਰੀਨ ਫਿਲਮਾਂ ਵਿੱਚ ਆਪਣੀ ਅਦਾਕਾਰੀ ਦੀ ਡੂੰਘੀ ਛਾਪ ਛੱਡੀ।
ਉਨ੍ਹਾਂ ਦੇ ਕਿਰਦਾਰਾਂ ਅਤੇ ਉਨ੍ਹਾਂ ਦੇ ਕੰਮ ਨੇ ਲੋਕਾਂ ਦੇ ਦਿਲਾਂ ਵਿੱਚ ਇੱਕ ਖਾਸ ਜਗ੍ਹਾ ਬਣਾਈ ਹੈ, ਜਿਸ ਕਾਰਨ ਉਹ ਸਰੀਰਕ ਤੌਰ 'ਤੇ ਸਾਡੇ ਵਿੱਚ ਨਾ ਹੋਣ ਦੇ ਬਾਵਜੂਦ ਵੀ ਹਮੇਸ਼ਾ ਜ਼ਿੰਦਾ ਰਹਿਣਗੇ।
