ਕਸ਼ਮੀਰ ''ਚ ਬਰਫ਼ਬਾਰੀ, ਸ਼੍ਰੀਨਗਰ ਹਵਾਈ ਅੱਡੇ ''ਤੇ ਉਡਾਣ ਸੇਵਾਵਾਂ ਪ੍ਰਭਾਵਿਤ

01/25/2023 2:08:20 PM

ਸ਼੍ਰੀਨਗਰ- ਕਸ਼ਮੀਰ 'ਚ ਜ਼ਿਆਦਾਤਰ ਥਾਵਾਂ 'ਤੇ ਤਾਜ਼ਾ ਬਰਫਬਾਰੀ ਕਾਰਨ ਵਾਦੀ 'ਚ ਹਵਾਈ ਸੇਵਾਵਾਂ ਪ੍ਰਭਾਵਿਤ ਹੋਈ। ਬਰਫ਼ਬਾਰੀ ਕਾਰਨ ਵਿਜ਼ੀਬਿਲਟੀ ਘੱਟ ਕੇ 500 ਮੀਟਰ ਰਹਿ ਗਈ। ਕਸ਼ਮੀਰ 'ਚ ਜ਼ਿਆਦਾਤਰ ਥਾਵਾਂ 'ਤੇ ਹਲਕੀ ਤੋਂ ਦਰਮਿਆਨੀ ਬਰਫਬਾਰੀ ਦਰਜ ਕੀਤੀ ਗਈ, ਜਦੋਂ ਕਿ ਉੱਚੇ ਇਲਾਕਿਆਂ ਵਿਚ ਭਾਰੀ ਬਰਫਬਾਰੀ ਹੋਈ। 

ਅਧਿਕਾਰੀਆਂ ਨੇ ਦੱਸਿਆ ਕਿ ਸ਼੍ਰੀਨਗਰ ਹਵਾਈ ਅੱਡੇ 'ਤੇ ਸਾਰੀਆਂ ਉਡਾਣਾਂ ਦੀ ਆਵਾਜਾਈ ਵਿਚ ਦੇਰੀ ਹੋਈ। ਹਾਲਾਂਕਿ ਹਵਾਈ ਅੱਡੇ 'ਤੇ ਜ਼ਿਆਦਾ ਬਰਫ਼ ਜਮ੍ਹਾ ਨਹੀਂ ਹੋਈ ਪਰ ਵਿਜ਼ੀਬਿਲਟੀ 500 ਮੀਟਰ ਤੱਕ ਘੱਟ ਜਾਣ ਕਾਰਨ ਉਡਾਣ ਸੰਚਾਲਨ ਪ੍ਰਭਾਵਿਤ ਹੋਇਆ। ਉਨ੍ਹਾਂ ਦੱਸਿਆ ਕਿ ਵਿਜ਼ੀਬਿਲਟੀ ਘੱਟੋ-ਘੱਟ 1000 ਮੀਟਰ ਹੋਣ 'ਤੇ ਉਡਾਣ ਸੰਚਾਲਨ ਬਹਾਲ ਕੀਤਾ ਜਾਵੇਗਾ। 

ਟ੍ਰੈਫਿਕ ਵਿਭਾਗ ਮੁਤਾਬਕ ਸ਼੍ਰੀਨਗਰ-ਜੰਮੂ ਰਾਸ਼ਟਰੀ ਹਾਈਵੇਅ 'ਤੇ ਕੁਝ ਥਾਵਾਂ 'ਤੇ ਮੀਂਹ ਦੌਰਾਨ ਪੱਥਰ ਡਿੱਗਣ ਦੀਆਂ ਘਟਨਾਵਾਂ ਵਾਪਰੀਆਂ ਪਰ ਆਵਾਜਾਈ ਸੁਚਾਰੂ ਰਹੀ। ਲੋਕਾਂ ਨੂੰ ਨਾਸ਼ਰੀ ਅਤੇ ਬਨਿਹਾਲ ਦਰਮਿਆਨ ਹਾਈਵੇਅ 'ਤੇ ਉਦੋਂ ਤੱਕ ਜਾਣ ਤੋਂ ਬਚਣ ਨੂੰ ਕਿਹਾ ਗਿਆ, ਜਦੋਂ  ਤੱਕ ਕਿ ਕਾਂਗਰਸ ਦੀ 'ਭਾਰਤ ਜੋੜੋ ਯਾਤਰਾ' ਉੱਥੋਂ ਲੰਘ ਨਾ ਜਾਵੇ। ਟ੍ਰੈਫਿਕ ਵਿਭਾਗ ਨੇ ਕਿਹਾ ਕਿ ਰਾਮਬਨ ਤੋਂ ਬਨਿਹਾਲ ਤੱਕ ਭਾਰਤ ਜੋੜੋ ਯਾਤਰਾ ਦੀ ਆਵਾਜਾਈ ਦੇ ਮੱਦੇਨਜ਼ਰ ਕਾਜ਼ੀਗੁੰਡ ਤੋਂ ਬਨਿਹਾਲ-ਰਾਮਬਨ ਵੱਲ ਅਤੇ ਨਾਸ਼ਰੀ ਤੋਂ ਰਾਮਬਨ-ਬਨਿਹਾਲ ਵੱਲ ਕਿਸੇ ਵੀ ਵਾਹਨ ਨੂੰ ਜਾਣ ਦੀ ਇਜਾਜ਼ਤ ਨਹੀਂ ਦਿੱਤੀ ਜਾਵੇਗੀ।
 


Tanu

Content Editor

Related News