ਤਾਮਿਲਨਾਡੂ ’ਚ ਸਰਕਾਰੀ ਸਕੂਲਾਂ ’ਚ ਵਿਦਿਆਰਥੀਆਂ ਨੂੰ ਮਿਲੇਗਾ ਮੁਫਤ ਨਾਸ਼ਤਾ
Friday, Sep 16, 2022 - 03:31 PM (IST)
ਮਦੁਰੇ– ਤਾਮਿਲਨਾਡੂ ਦੇ ਮੁੱਖ ਮੰਤਰੀ ਐੱਮ. ਕੇ. ਸਟਾਲਿਨ ਨੇ ਭਾਰਤ ’ਚ ਆਪਣੀ ਤਰ੍ਹਾਂ ਦੇ ਪਹਿਲੇ ਪ੍ਰੋਗਰਾਮ ’ਚ ਮੁੱਖ ਮੰਤਰੀ ਅਤੇ ਦ੍ਰਾਵਿੜੀਅਨ ਧੁਨੰਤਰ ਸੀ. ਐੱਨ. ਅੰਨਾਦੁਰਈ ਦੀ 114ਵੀਂ ਜਯੰਤੀ ਦੇ ਮੌਕੇ ’ਤੇ ਵੀਰਵਾਰ ਤੋਂ ਜਮਾਤ ਇਕ ਤੋਂ ਪੰਜਵੀਂ ਤੱਕ ਦੇ ਸਰਕਾਰੀ ਸਕੂਲਾਂ ਦੇ ਵਿਦਿਆਰਥੀਆਂ ਲਈ ਮੁਫਤ ਨਾਸ਼ਤਾ ਯੋਜਨਾ ਦੀ ਸ਼ੁਰੂਆਤ ਕੀਤੀ।
ਇਸ ਤੋਂ ਪਹਿਲਾਂ ਉਨ੍ਹਾਂ ਨੇ ਅੰਨਾ (ਵੱਡਾ ਭਰਾ) ਦੇ ਨਾਂ ਨਾਲ ਸੱਦੇ ਜਾਣ ਵਾਲੇ ਸ਼੍ਰੀ ਅੰਨਾਦੁਰਈ ਦੀ ਤਸਵੀਰ ’ਤੇ ਫੁੱਲ ਚੜਾਏ ਅਤੇ ਆਪਣੇ ਕੈਬਨਿਟ ਸਹਿਯੋਗੀਆਂ ਦੀ ਮੌਜੂਦਗੀ ’ਚ ਉਨ੍ਹਾਂ ਦੀ ਮੂਰਤੀ ’ਤੇ ਮਾਲਾ ਚੜਾਈ। ਨਵੀਂ ਯੋਜਨਾ ਦੇ ਪਹਿਲੇ ਪੜਾਅ ’ਚ ਜਮਾਤ 1 ਤੋਂ 5ਵੀਂ ਤੱਕ ਦੇ 1545 ਪ੍ਰਾਇਮਰੀ ਸਕੂਲਾਂ ’ਚ 1.14 ਲੱਖ ਵਿਦਿਆਰਥੀਆਂ ਨੂੰ ਸ਼ਾਮਲ ਕੀਤਾ ਗਿਆ ਹੈ ਅਤੇ ਬਾਅਦ ’ਚ ਇਸ ਯੋਜਨਾ ਨੂੰ ਪੂਰੇ ਸੂਬੇ ’ਚ ਵਧਾਇਆ ਜਾਵੇਗਾ। ਸੂਬਾ ਸਰਕਾਰ ਨੇ ਸਾਲ 2022-23 ਲਈ ਇਸ ਯੋਜਨਾ ਦੇ ਵਾਸਤੇ 33.56 ਕਰੋੜ ਰੁਪਏ ਅਲਾਟ ਕੀਤੇ ਹਨ।