ਦਿੱਲੀ ’ਚ ਫਰਜ਼ੀ ਕੰਪਨੀਆਂ ਬਣਾ ਕੇ ਕਰੋੜਾਂ ਦੀ GST ਚੋਰੀ, 3 ਗ੍ਰਿਫਤਾਰ
Thursday, Oct 28, 2021 - 03:20 AM (IST)
ਨਵੀਂ ਦਿੱਲੀ – ਰਾਜਧਾਨੀ ਦਿੱਲੀ ’ਚ 2 ਦਰਜਨ ਤੋਂ ਵੱਧ ਫਰਜ਼ੀ ਕੰਪਨੀਆਂ ਬਣਾ ਕੇ ਕਰੋੜਾਂ ਰੁਪਏ ਦੀ ਜੀ. ਐੱਸ. ਟੀ. ਚੋਰੀ ਕਰਨ ਵਾਲੇ ਇਕ ਵੱਡੇ ਗਿਰੋਹ ਦਾ ਪਰਦਾਫਾਸ਼ ਹੋਇਆ ਹੈ। ਇਸ ਮਾਮਲੇ ’ਚ ਗਿਰੋਹ ਦੇ 3 ਮੈਂਬਰਾਂ ਨੂੰ ਗ੍ਰਿਫਤਾਰ ਕੀਤਾ ਗਿਆ ਹੈ। 2 ਵੱਖ-ਵੱਖ ਮਾਮਲਿਆਂ ’ਚ ਹੋਈ ਕਾਰਵਾਈ ’ਚ ਫਰਜ਼ੀ ਦਸਤਾਵੇਜ਼ਾਂ ਦੇ ਆਧਾਰ ’ਤੇ ਕਈ ਫਰਜ਼ੀ ਫਰਮਾਂ ਚਲਾਉਣ ਦਾ ਖੁਲਾਸਾ ਹੋਇਆ ਹੈ। ਇਸ ’ਚ ਦਿੱਲੀ ਦੇ 2 ਵਿਅਕਤੀਆਂ ਨੇ 5 ਅਤੇ 9 ਅਕਤੂਬਰ ਨੂੰ 20 ਤੋਂ ਵੱਧ ਫਰਜ਼ੀ ਫਰਮਾਂ ਦੇ ਬਿੱਲਾਂ ’ਚ ਵੱਡੀ ਹੇਰਾਫੇਰੀ ਕੀਤੀ ਹੈ।
ਇਹ ਵੀ ਪੜ੍ਹੋ - ਹੈਦਰਾਬਾਦ: 27 ਸਾਲਾ ਮਹਿਲਾ ਨੇ ਦਿੱਤਾ ਚਾਰ ਤੰਦਰੁਸਤ ਬੱਚਿਆਂ ਨੂੰ ਜਨਮ
ਇਨ੍ਹਾਂ ਵਿਅਕਤੀਆਂ ਨੇ 22 ਕਰੋੜ ਰੁਪਏ ਤੋਂ ਵੱਧ ਦੀ ਧੋਖਾਦੇਹੀ ਕਰ ਕੇ ਇਨਪੁੱਟ ਟੈਕਸ ਕ੍ਰੈਡਿਟ ਲੈ ਕੇ ਸਰਕਾਰੀ ਖਜ਼ਾਨੇ ਨੂੰ ਠੱਗਿਆ ਹੈ। ਦੋਹਾਂ ਵਿਅਕਤੀਆਂ ਨੂੰ ਗ੍ਰਿਫਤਾਰ ਕਰ ਕੇ ਚੀਫ ਮੈਟ੍ਰੋਪੋਲਿਟਨ ਮੈਜਿਸਟ੍ਰੇਟ ਦੇ ਸਾਹਮਣੇ ਪੇਸ਼ ਕੀਤਾ ਗਿਆ ਸੀ। ਬਾਅਦ ’ਚ ਉਨ੍ਹਾਂ ਨੂੰ 14 ਦਿਨਾਂ ਦੀ ਜੁਡੀਸ਼ੀਅਲ ਹਿਰਾਸਤ ’ਚ ਭੇਜ ਦਿੱਤਾ ਗਿਆ ਹੈ। ਵਿੱਤ ਮੰਤਰਾਲਾ ਦੇ ਬੁਲਾਰੇ ਮੁਤਾਬਕ ਇਸ ਤਰ੍ਹਾਂ ਫਰਜ਼ੀ ਬਿਲਿੰਗ ਦੇ ਇਕ ਹੋਰ ਮਾਮਲੇ ’ਚ ਪਟੌਦੀ, ਹਰਿਆਣਾ ਵਾਸੀ ਇਕ ਹੋਰ ਵਿਅਕਤੀ ਨੂੰ ਵੀ ਗ੍ਰਿਫਤਾਰ ਕੀਤਾ ਗਿਆ ਹੈ। ਉਸ ਨੂੰ 26 ਕਰੋੜ ਰੁਪਏ ਤੋਂ ਵੱਧ ਦੀ ਜੀ. ਐੱਸ. ਟੀ. ਧੋਖਾਦੇਹੀ ਕਰਨ ਦੇ ਦੋਸ਼ ’ਚ ਜੀ. ਐੱਸ. ਟੀ. ਐਕਟ ਦੀਆਂ ਵਿਵਸਥਾਵਾਂ ਤਹਿਤ ਫੜ੍ਹਿਆ ਗਿਆ। ਉਸ ਨੂੰ 14 ਦਿਨਾਂ ਦੀ ਜੁਡੀਸ਼ੀਅਲ ਹਿਰਾਸਤ ’ਚ ਭੇਜ ਦਿੱਤਾ ਗਿਆ ਹੈ।
ਨੋਟ - ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ? ਕੁਮੈਂਟ ਕਰਕੇ ਦਿਓ ਜਵਾਬ।