ਸ਼ਿਮਲਾ ਦੇ ਬੈਂਕ ਆਫ਼ ਬੜੌਦਾ ’ਚ ਫਰਜ਼ੀਵਾੜਾ, ਲਾਕਰ ’ਚੋਂ 50 ਲੱਖ ਦੇ ਗਹਿਣੇ ਗਾਇਬ
Thursday, Aug 04, 2022 - 01:59 PM (IST)
ਸ਼ਿਮਲਾ (ਭਾਸ਼ਾ)– ਇੱਥੋਂ ਦੇ ਪੁਰਾਣਾ ਬੱਸ ਸਟੈਂਡ ਨੇੜੇ ਸਥਿਤ ਗੁਰਦੁਆਰਾ ਸਿੰਘ ਸਭਾ ਬੈਂਕ ਆਫ਼ ਬੜੌਦਾ ਦੇ ਲਾਕਰ ’ਚੋਂ 50 ਲੱਖ ਰੁਪਏ ਦੇ ਗਹਿਣੇ ਗਾਇਬ ਹੋ ਗਏ ਹਨ। ਥਾਣਾ ਸਦਰ ’ਚ ਆਸ਼ੂਤੋਸ਼ ਸੂਦ ਪੁੱਤਰ ਦਵਿੰਦਰ ਲਾਲ ਸੂਦ ਵਾਸੀ ਮੇਨ ਬੱਸ ਸਟੈਂਡ ਨੇ ਸ਼ਿਕਾਇਤ ਦਰਜ ਕਰਵਾਈ ਹੈ ਕਿ ਉਸ ਨੇ ਸਾਲ 1998 ’ਚ ਬੈਂਕ ਆਫ਼ ਬੜੌਦਾ ਦਾ ਲਾਕਰ ਨੰਬਰ 77 ਲਿਆ ਸੀ। ਸਾਲ 2017 ’ਚ ਉਸ ਨੂੰ ਬੈਂਕ ਅਧਿਕਾਰੀਆਂ ਨੇ ਦੱਸਿਆ ਕਿ ਬੈਂਕ ਲਾਕਰ ਦਾ ਨੰਬਰ 77 ਤੋਂ ਬਦਲ ਕੇ 177 ਕਰ ਦਿੱਤਾ ਗਿਆ ਹੈ। ਸਾਲ 2017 ਤੋਂ ਉਹ ਆਪਣਾ ਬੈਂਕ ਲਾਕਰ ਨੰਬਰ 177 ਤੋਂ ਚਲਾ ਰਿਹਾ ਸੀ, ਜਦੋਂ ਕਿ ਸਾਲ 2019 ਤੋਂ ਬਾਅਦ ਸ਼ਿਕਾਇਤਕਰਤਾ ਨੇ ਆਪਣਾ ਬੈਂਕ ਲਾਕਰ ਨਹੀਂ ਚਲਾਇਆ।
ਜਦੋਂ ਸ਼ਿਕਾਇਤਕਰਤਾ 30 ਜੁਲਾਈ, 2022 ਨੂੰ ਆਪਣਾ ਲਾਕਰ ਚੈੱਕ ਕਰਨ ਗੁਰਦੁਆਰਾ ਸਿੰਘ ਸਭਾ ਬੈਂਕ ਆਫ਼ ਬੜੌਦਾ ਗਿਆ ਤਾਂ ਉਸ ਦੇ ਬੈਂਕ ਲਾਕਰ ਨੂੰ ਚਾਬੀ ਨਹੀਂ ਲੱਗੀ, ਜਦੋਂ ਉਸ ਨੇ ਇਸ ਬਾਰੇ ਬੈਂਕ ’ਚ ਅਧਿਕਾਰੀਆਂ ਨਾਲ ਗੱਲਬਾਤ ਕੀਤੀ ਤਾਂ ਉਸ ਨੂੰ ਦੱਸਿਆ ਗਿਆ ਕਿ ਲਾਕਰ ਨੰਬਰ 177 ਬੈਂਕ ਦੇ ਕੰਪਿਊਟਰ ਸਿਸਟਮ ’ਚ ਗੁਰਪ੍ਰੀਤ ਸਿੰਘ ਵਿਰਕ ਦੇ ਨਾਂ ਦਰਜ ਹੈ। ਗੁਰਪ੍ਰੀਤ ਸਿੰਘ ਨੇ ਬੈਂਕ ਅਧਿਕਾਰੀਆਂ ਨੂੰ ਕਿਹਾ ਸੀ ਕਿ ਉਸ ਦੇ ਬੈਂਕ ਲਾਕਰ ਦੀਆਂ ਚਾਬੀਆਂ ਗੁੰਮ ਹੋ ਗਈਆਂ ਹਨ, ਜਿਸ ’ਤੇ ਬੈਂਕ ਅਧਿਕਾਰੀਆਂ ਨੇ ਗੁਰਪ੍ਰੀਤ ਸਿੰਘ ਦੇ ਸਾਹਮਣੇ ਬੈਂਕ ਦਾ ਲਾਕਰ ਤੋੜ ਦਿੱਤਾ ਅਤੇ ਲਾਕਰ ’ਚ ਰੱਖਿਆ ਸਾਮਾਨ ਗੁਰਪ੍ਰੀਤ ਨੂੰ ਦੇ ਦਿੱਤਾ। ਸ਼ਿਕਾਇਤਕਰਤਾ ਨੇ ਦੋਸ਼ ਲਾਇਆ ਕਿ ਗੁਰਪ੍ਰੀਤ ਬੈਂਕ ਦੇ ਲਾਕਰ ’ਚ ਰੱਖਿਆ ਸਾਮਾਨ ਆਪਣੇ ਨਾਲ ਲੈ ਗਿਆ ਹੈ। ਆਸ਼ੂਤੋਸ਼ ਸੂਦ ਨੇ ਦੋਸ਼ ਲਾਇਆ ਕਿ ਉਕਤ ਲਾਕਰ ’ਚ ਰੱਖਿਆ ਸਾਮਾਨ ਉਸ ਦਾ ਹੈ। ਦੋਸ਼ ਹੈ ਕਿ ਇਹ ਧੋਖਾਦੇਹੀ ਆਪਸੀ ਮਿਲੀਭੁਗਤ ਨਾਲ ਹੋਈ ਹੈ। ਪੁਲਸ ਨੇ ਆਈ.ਪੀ.ਸੀ. ਦੀ ਧਾਰਾ 409, 420, 120 ਤਹਿਤ ਮਾਮਲਾ ਦਰਜ ਕਰ ਲਿਆ ਹੈ।