ਫਰੈਂਕੋ ਮੁਲੱਕਲ ਦਾ ਜਲੰਧਰ ਬਿਸ਼ਪ ਦੇ ਅਹੁਦੇ ਤੋਂ ਅਸਤੀਫ਼ਾ, ਨਨ ਨੇ ਲਗਾਏ ਸਨ ਜਬਰ ਜ਼ਿਨਾਹ ਦੇ ਦੋਸ਼

06/02/2023 10:40:44 AM

ਤਿਰੂਵਨੰਤਪੁਰਮ (ਭਾਸ਼ਾ)- ਜਬਰ-ਜ਼ਿਨਾਹ ਦੇ ਦੋਸ਼ਾਂ ਤੋਂ ਬਾਅਦ 2018 ’ਚ ਪੋਪ ਫਰਾਂਸਿਸ ਵੱਲੋਂ ਅਸਥਾਈ ਤੌਰ ’ਤੇ ਕੰਮ ਤੋਂ ਮੁਕਤ ਕਰ ਦਿੱਤੇ ਗਏ, ਬਿਸ਼ਪ ਫਰੈਂਕੋ ਮੁਲੱਕਲ ਨੇ ਜਲੰਧਰ ਬਿਸ਼ਪ ਦੇ ਅਹੁਦੇ ਤੋਂ ਅਸਤੀਫ਼ਾ ਦੇ ਦਿੱਤਾ ਹੈ। ਭਾਰਤ ’ਚ ਵੈਟੀਕਨ ਦੇ ਇਕ ਪ੍ਰਤੀਨਿਧੀ ਨੇ ਵੀਰਵਾਰ ਨੂੰ ਇਹ ਜਾਣਕਾਰੀ ਦਿੱਤੀ। ਮੁਲੱਕਲ ’ਤੇ ਇਕ ਨਨ ਨੇ ਜਬਰ-ਜ਼ਿਨਾਹ ਦਾ ਦੋਸ਼ ਲਗਾਇਆ ਸੀ। ਗਿਰਜਾਘਰ ਦੇ ਇਕ ਅਧਿਕਾਰੀ ਨੇ ਦੱਸਿਆ ਕਿ ਜਬਰ-ਜ਼ਿਨਾਹ ਦੇ ਮਾਮਲੇ ’ਚ ਕੇਰਲ ਦੀ ਇਕ ਅਦਾਲਤ ਵੱਲੋਂ ਬਰੀ ਕੀਤੇ ਜਾਣ ਦੇ ਡੇਢ ਸਾਲ ਬਾਅਦ ਮੁਲੱਕਲ ਨੇ ਅਸਤੀਫਾ ਦਿੱਤਾ ਹੈ।

ਉਨ੍ਹਾਂ ਦਾ ਇਹ ਕਦਮ ਡਿਕੋਸੇ (ਬਿਸ਼ਪ ਦੇ ਖੇਤਰ) ’ਚ ਇਕ ਨਵੇਂ ਬਿਸ਼ਪ ਦੀ ਨਿਯੁਕਤੀ ਦਾ ਮਾਰਗ ਪੱਧਰਾ ਕਰੇਗਾ। ਜ਼ਿਕਰਯੋਗ ਹੈ ਕਿ ਇਕ ਵੀਡੀਓ ’ਚ ਬਿਸ਼ਪ ਨੇ ਇਹ ਪੁਸ਼ਟੀ ਕੀਤੀ ਹੈ ਕਿ ਵੈਟੀਕਨ ਨੇ ਅੱਜ ਉਨ੍ਹਾਂ ਦਾ ਅਸਤੀਫ਼ਾ ਸਵੀਕਾਰ ਕਰ ਲਿਆ ਹੈ। ਮੁਲੱਕਲ ਇਸ ਸਮੇਂ ਜਲੰਧਰ ਦੇ ਬਿਸ਼ਪ ਐਮਰੀਟਸ ਹਨ। ਵੀਡੀਓ ’ਚ ਉਨ੍ਹਾਂ ਨੇ ਉਨ੍ਹਾਂ ਦੇ ਮੁਸ਼ਕਲ ਸਮੇਂ ’ਚ ਉਨ੍ਹਾਂ ਦਾ ਸਮਰਥਨ ਕਰਨ ਵਾਲੇ ਲੋਕਾਂ ਦਾ ਧੰਨਵਾਦ ਕੀਤਾ। ਗਿਰਜਾਘਰ ਦੇ ਇਕ ਸੂਤਰ ਨੇ ਦੱਸਿਆ ਕਿ ਵੈਟੀਕਨ ਨੇ ਬਿਸ਼ਪ ਨੂੰ ਸੂਚਿਤ ਕੀਤਾ ਹੈ ਕਿ ਉਨ੍ਹਾਂ ਦੇ ਅਸਤੀਫੇ ਨੂੰ ਉਨ੍ਹਾਂ ਖਿਲਾਫ ਅਨੁਸ਼ਾਸਨੀ ਕਾਰਵਾਈ ਵਜੋਂ ਨਹੀਂ ਦੇਖਿਆ ਜਾਵੇਗਾ। ਉਨ੍ਹਾਂ ਨੇ ਦੱਸਿਆ ਕਿ ਬਿਸ਼ਪ ਨੂੰ ਅਧਿਕਾਰਤ ਵਿਦਾਇਗੀ ਦੇਣ ਦੀ ਵੀ ਇਜਾਜ਼ਤ ਦਿੱਤੀ ਜਾਵੇਗੀ। ਸੂਤਰ ਨੇ ਦੱਸਿਆ ਕਿ ਜਲੰਧਰ ਦੇ ਬਿਸ਼ਪ ਐਮਰੀਟਸ ਹੋਣ ਦੇ ਬਾਵਜੂਦ ਮੁਲੱਕਲ ਡਿਕੋਸੇ ’ਚ ਨਹੀਂ ਰਹਿਣਗੇ। ਇਸ ਦੀ ਬਜਾਏ ਉਹ ਕੋਟਾਯਮ ’ਚ ਇਕ ਸ਼ੈਲਟਰ ਹੋਮ ’ਚ ਉਦੋਂ ਤੱਕ ਰਹਿਣਗੇ, ਜਦੋਂ ਤੱਕ ਕਿ ਹਾਈ ਕੋਰਟ ਜਬਰ-ਜ਼ਿਨਾਹ ਦੇ ਮਾਮਲੇ ’ਚ ਨਨ ਦੀ ਅਪੀਲ ’ਤੇ ਆਪਣਾ ਫੈਸਲਾ ਨਹੀਂ ਸੁਣਾ ਦਿੰਦੀ।


DIsha

Content Editor

Related News