ਪੁਲਸ ਨਾਲ ਮੁਕਾਬਲੇ ''ਚ ਮਾਰੇ ਗਏ 36 ਲੱਖ ਦੇ ਚਾਰ ਇਨਾਮੀ ਨਕਸਲੀ
Tuesday, Mar 19, 2024 - 11:59 AM (IST)
ਗੜ੍ਹਚਿਰੌਲੀ (ਭਾਸ਼ਾ)- ਮਹਾਰਾਸ਼ਟਰ ਦੇ ਗੜ੍ਹਚਿਰੌਲੀ ਜ਼ਿਲ੍ਹੇ ਵਿਚ ਮੰਗਲਵਾਰ ਨੂੰ ਪੁਲਸ ਨਾਲ ਮੁਕਾਬਲੇ ਵਿਚ ਚਾਰ ਨਕਸਲੀ ਮਾਰੇ ਗਏ। ਇਕ ਸੀਨੀਅਰ ਅਧਿਕਾਰੀ ਨੇ ਦੱਸਿਆ ਕਿ ਇਨ੍ਹਾਂ ਨਕਸਲੀਆਂ 'ਤੇ 36 ਲੱਖ ਰੁਪਏ ਦਾ ਇਨਾਮ ਐਲਾਨਿਆ ਗਿਆ ਸੀ। ਪੁਲਸ ਸੁਪਰਡੈਂਟ ਨੀਲੋਤਪਾਲ ਨੇ ਦੱਸਿਆ ਕਿ ਪੁਲਸ ਨੂੰ ਸੋਮਵਾਰ ਦੁਪਹਿਰ ਨੂੰ ਸੂਚਨਾ ਮਿਲੀ ਸੀ ਕਿ ਕੁਝ ਨਕਸਲੀ ਲੋਕ ਸਭਾ ਚੋਣਾਂ ਲਈ ਚੋਣ ਜ਼ਾਬਤਾ ਲਾਗੂ ਹੋਣ ਦੇ ਮੱਦੇਨਜ਼ਰ ਵਿਨਾਸ਼ਕਾਰੀ ਗਤੀਵਿਧੀਆਂ ਨੂੰ ਅੰਜਾਮ ਦੇਣ ਦੇ ਉਦੇਸ਼ ਨਾਲ ਗੁਆਂਢੀ ਤੇਲੰਗਾਨਾ ਤੋਂ ਗੜ੍ਹਚਿਰੌਲੀ ਤੱਕ ਪ੍ਰਾਣਹਿਤਾ ਨਦੀ ਪਾਰ ਕਰ ਗਏ ਹਨ। ਗੜ੍ਹਚਿਰੌਲੀ ਪੁਲਸ ਦੀ ਵਿਸ਼ੇਸ਼ ਲੜਾਕੂ ਇਕਾਈ 'ਸੀ-60' ਦੀਆਂ ਕਈ ਟੀਮਾਂ ਅਤੇ ਕੇਂਦਰੀ ਰਿਜ਼ਰਵ ਪੁਲਸ ਬਲ ਦੀ ਇਕ ਤੇਜ਼ ਕਾਰਵਾਈ ਟੀਮ ਨੂੰ ਇਲਾਕੇ ਦੀ ਤਲਾਸ਼ੀ ਲਈ ਭੇਜਿਆ ਗਿਆ ਸੀ।
ਪੁਲਸ ਅਧਿਕਾਰੀ ਨੇ ਦੱਸਿਆ ਕਿ ਮੰਗਲਵਾਰ ਸਵੇਰੇ ਜਦੋਂ 'ਸੀ-60' ਯੂਨਿਟ ਦੀ ਟੀਮ ਰੇਪਨਪੱਲੀ ਨੇੜੇ ਕੋਲਾਮਰਕਾ ਪਹਾੜੀ ਇਲਾਕੇ 'ਚ ਤਲਾਸ਼ੀ ਮੁਹਿੰਮ ਚਲਾ ਰਹੀ ਸੀ ਤਾਂ ਨਕਸਲੀਆਂ ਨੇ ਉਸ 'ਤੇ ਅੰਨ੍ਹੇਵਾਹ ਗੋਲੀਬਾਰੀ ਸ਼ੁਰੂ ਕਰ ਦਿੱਤੀ। ਸੁਰੱਖਿਆ ਕਰਮੀਆਂ ਨੇ ਵੀ ਜਵਾਬੀ ਕਾਰਵਾਈ ਕੀਤੀ। ਉਨ੍ਹਾਂ ਦੱਸਿਆ ਕਿ ਗੋਲੀਬਾਰੀ ਰੁਕਣ ਤੋਂ ਬਾਅਦ ਇਲਾਕੇ ਦੀ ਤਲਾਸ਼ੀ ਲਈ ਗਈ ਅਤੇ ਚਾਰ ਨਕਸਲੀਆਂ ਦੀਆਂ ਲਾਸ਼ਾਂ ਬਰਾਮਦ ਕੀਤੀਆਂ ਗਈਆਂ। ਉਨ੍ਹਾਂ ਦੱਸਿਆ ਕਿ ਇਨ੍ਹਾਂ ਚਾਰ ਨਕਸਲੀਆਂ 'ਤੇ 36 ਲੱਖ ਰੁਪਏ ਦਾ ਇਨਾਮ ਐਲਾਨਿਆ ਗਿਆ ਸੀ। ਅਧਿਕਾਰੀ ਨੇ ਦੱਸਿਆ ਕਿ ਇਨ੍ਹਾਂ ਕੋਲੋਂ ਇਕ ਏ.ਕੇ.-47 ਬੰਦੂਕ, ਇਕ ਕਾਰਬਾਈਨ, 2 ਦੇਸੀ ਪਿਸਤੌਲ, ਨਕਸਲੀ ਸਾਹਿਤ ਅਤੇ ਹੋਰ ਸਾਮਾਨ ਵੀ ਬਰਾਮਦ ਕੀਤਾ ਗਿਆ ਹੈ। ਪੁਲਸ ਨੇ ਦੱਸਿਆ ਕਿ ਮਾਰੇ ਗਏ ਨਕਸਲੀਆਂ ਦੀ ਪਛਾਣ ਵਰਗੀਸ, ਮੈਗਟੂ, ਕੁਰਸਾਂਗ ਰਾਜੂ ਅਤੇ ਕੁਦੀਮੇਟਾ ਵੈਂਕਟੇਸ਼ ਵਜੋਂ ਹੋਈ ਹੈ।
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e