ਇੱਕੋ ਪਿੰਡ ਦੀਆਂ 4 ਨਾਬਾਲਗ ਵਿਦਿਆਰਥਣਾਂ ਲਾਪਤਾ, ਸਕੂਲ ਨੇੜੇ ਬੰਦ ਹੋਏ ਮੋਬਾਈਲ
Friday, Sep 11, 2026 - 08:16 PM (IST)
ਗਯਾ : ਬਿਹਾਰ ਦੇ ਗਯਾ ਜ਼ਿਲ੍ਹੇ ਦੇ ਵਜ਼ੀਰਗੰਜ ਥਾਣਾ ਖੇਤਰ ਅਧੀਨ ਪੈਂਦੀ ਸਕਰਦਾਸ ਨਵਾਦਾ ਪੰਚਾਇਤ ਦੇ ਇੱਕ ਪਿੰਡ ਤੋਂ ਇੱਕੋ ਸਮੇਂ ਚਾਰ ਨਾਬਾਲਗ ਵਿਦਿਆਰਥਣਾਂ ਦੇ ਗਾਇਬ ਹੋਣ ਦਾ ਮਾਮਲਾ ਸਾਹਮਣੇ ਆਇਆ ਹੈ। ਇਹ ਚਾਰੇ ਕੁੜੀਆਂ ਆਪਸ ਵਿੱਚ ਸਹੇਲੀਆਂ ਹਨ ਅਤੇ ਘਰੋਂ ਸਕੂਲ ਵਿੱਚ ਫਾਰਮ ਭਰਨ ਦਾ ਕਹਿ ਕੇ ਨਿਕਲੀਆਂ ਸਨ, ਪਰ ਦੇਰ ਸ਼ਾਮ ਤੱਕ ਵਾਪਸ ਨਹੀਂ ਪਰਤੀਆਂ।
ਪੁਲਸ ਅਨੁਸਾਰ ਗਾਇਬ ਹੋਈਆਂ ਚਾਰਾਂ ਵਿਦਿਆਰਥਣਾਂ ਵਿੱਚੋਂ ਤਿੰਨ ਪੀ.ਐੱਮ. ਸ਼੍ਰੀ +2 ਹਾਈ ਸਕੂਲ ਸਕਰਦਾਸ ਨਵਾਦਾ ਵਿੱਚ 11ਵੀਂ ਜਮਾਤ ਦੀਆਂ ਵਿਦਿਆਰਥਣਾਂ ਹਨ, ਜਦਕਿ ਚੌਥੀ ਕੁੜੀ ਦੂਜੇ ਸਕੂਲ ਵਿੱਚ 10ਵੀਂ ਵਿੱਚ ਪੜ੍ਹਦੀ ਹੈ। ਜਾਂਚ ਦੌਰਾਨ ਸਾਹਮਣੇ ਆਇਆ ਹੈ ਕਿ ਸਵੇਰੇ ਲਗਭਗ 9:30 ਵਜੇ ਸਕੂਲ ਦੇ ਆਸ-ਪਾਸ ਹੀ ਉਨ੍ਹਾਂ ਦੇ ਮੋਬਾਈਲ ਫੋਨ ਬੰਦ ਹੋ ਗਏ ਸਨ। ਹਾਲਾਂਕਿ, ਸਕੂਲ ਦੇ ਪ੍ਰਿੰਸੀਪਲ ਸੁਰੇਸ਼ ਕੁਮਾਰ ਨੇ ਦੱਸਿਆ ਕਿ ਉਸ ਦਿਨ ਇਹ ਵਿਦਿਆਰਥਣਾਂ ਸਕੂਲ ਪਹੁੰਚੀਆਂ ਹੀ ਨਹੀਂ ਸਨ ਅਤੇ ਸਕੂਲ ਦੇ ਕਿਸੇ ਵੀ ਅਧਿਆਪਕ ਨੇ ਉਨ੍ਹਾਂ ਨੂੰ ਫੋਨ ਕਰਕੇ ਨਹੀਂ ਬੁਲਾਇਆ ਸੀ।
ਵਜ਼ੀਰਗੰਜ ਦੇ ਡੀ.ਐੱਸ.ਪੀ. ਅਭਿਨਵ ਕੁਮਾਰ ਨੇ ਦੱਸਿਆ ਕਿ ਪਰਿਵਾਰਕ ਮੈਂਬਰਾਂ ਦੀ ਸ਼ਿਕਾਇਤ ਤੋਂ ਬਾਅਦ ਪੁਲਸ ਮਾਮਲੇ ਦੀ ਗੰਭੀਰਤਾ ਨਾਲ ਜਾਂਚ ਕਰ ਰਹੀ ਹੈ। ਪੁਲਸ ਵੱਲੋਂ ਕਾਲ ਡਿਟੇਲ ਰਿਕਾਰਡ (CDR) ਅਤੇ ਗਯਾ ਜੰਕਸ਼ਨ ਸਮੇਤ ਵੱਖ-ਵੱਖ ਥਾਵਾਂ ਦੇ ਸੀਸੀਟੀਵੀ (CCTV) ਫੁਟੇਜ ਖੰਗਾਲੇ ਜਾ ਰਹੇ ਹਨ। ਡੀ.ਐੱਸ.ਪੀ. ਮੁਤਾਬਕ ਹੁਣ ਤੱਕ ਦੀ ਜਾਂਚ ਵਿੱਚ ਅਗਵਾ ਕਰਨ ਦਾ ਕੋਈ ਠੋਸ ਸਬੂਤ ਨਹੀਂ ਮਿਲਿਆ ਹੈ। ਪੁਲਸ ਨੂੰ ਸ਼ੱਕ ਹੈ ਕਿ ਚਾਰੇ ਸਹੇਲੀਆਂ ਆਪਸੀ ਸਲਾਹ ਨਾਲ ਹੀ ਇਕੱਠੀਆਂ ਕਿਤੇ ਗਈਆਂ ਹਨ। ਫਿਲਹਾਲ ਪੁਲਸ ਵੱਲੋਂ ਤਕਨੀਕੀ ਸਬੂਤਾਂ ਦੇ ਆਧਾਰ 'ਤੇ ਤਲਾਸ਼ੀ ਅਭਿਆਨ ਜਾਰੀ ਹੈ।
