''ਬੈਂਡ ਵਾਜਾ ਬਰਾਤ'' ਗੈਂਗ ਵਿਆਹ ''ਚ ਸ਼ਾਮਲ ਮਹਿਮਾਨਾਂ ''ਚ ਪਵਾਉਂਦਾ ਸੀ ਭੜਥੂ ਜਦੋਂ...

Thursday, Mar 06, 2025 - 05:06 PM (IST)

''ਬੈਂਡ ਵਾਜਾ ਬਰਾਤ'' ਗੈਂਗ ਵਿਆਹ ''ਚ ਸ਼ਾਮਲ ਮਹਿਮਾਨਾਂ ''ਚ ਪਵਾਉਂਦਾ ਸੀ ਭੜਥੂ ਜਦੋਂ...

ਨਵੀਂ ਦਿੱਲੀ- ਦਿੱਲੀ ਅਤੇ ਆਲੇ-ਦੁਆਲੇ ਦੇ ਇਲਾਕਿਆਂ ਵਿਚ ਮਹਿੰਗੇ ਵਿਆਹਾਂ 'ਚ ਸ਼ਾਮਲ ਹੋ ਕੇ ਚੋਰੀ ਦੀਆਂ ਵਾਰਦਾਤਾਂ ਨੂੰ ਅੰਜਾਮ ਦੇਣ ਵਾਲੇ 'ਬੈਂਡ ਵਾਜਾ ਬਰਾਤ' ਗੈਂਗ ਦਾ ਪਰਦਾਫ਼ਾਸ਼ ਕਰ ਕੇ ਪੁਲਸ ਨੇ ਨਾਬਾਲਗ ਨੂੰ ਹਿਰਾਸਤ 'ਚ ਲਿਆ ਅਤੇ ਗੈਂਗ ਦੇ ਤਿੰਨ ਹੋਰ ਮੈਂਬਰਾਂ ਨੂੰ ਗ੍ਰਿਫ਼ਤਾਰ ਕੀਤਾ। ਅਧਿਕਾਰੀਆਂ ਨੇ ਦੱਸਿਆ ਕਿ ਉਸ ਨਾਲ ਹੀ ਸ਼ਾਸਤਰੀ ਪਾਰਕ, ਸਵਰੂਪ ਨਗਰ ਅਤੇ ਜੀ. ਟੀ. ਬੀ. ਐਨਕਲੇਵ ਵਿਚ ਵਿਆਹ ਵਿਚ ਹੋਈ ਚੋਰੀ ਦੇ ਤਿੰਨ ਮਾਮਲਿਆਂ ਨੂੰ ਸੁਲਝਾ ਲਿਆ ਹੈ। 

PunjabKesari

ਮੌਕਾ ਮਿਲਦੇ ਹੀ ਚੋਰੀ ਕਰਦੇ ਸਨ ਬੈਗ

ਪੁਲਸ ਨੇ ਦੱਸਿਆ ਕਿ ਮੱਧ ਪ੍ਰਦੇਸ਼ ਦੇ ਰਾਜਗੜ੍ਹ ਜ਼ਿਲ੍ਹੇ ਦਾ ਇਹ ਗੈਂਗ ਵਿਆਹ ਵਾਲੀਆਂ ਥਾਵਾਂ ਤੋਂ ਨਕਦੀ ਅਤੇ ਗਹਿਣੇ ਚੋਰੀ ਦੀਆਂ ਕਈ ਘਟਨਾਵਾਂ ਵਿਚ ਸ਼ਾਮਲ ਸੀ। ਪੁਲਸ ਦੇ ਡਿਪਟੀ ਕਮਿਸ਼ਨਰ (ਅਪਰਾਧ) ਅਪੂਰਵ ਗੁਪਤਾ ਨੇ ਦੱਸਿਆ ਕਿ ਇਹ ਗੈਂਗ ਵਿਆਹਾਂ ਵਿਚ ਦਾਖਲ ਹੋਣ ਅਤੇ ਮਹਿਮਾਨਾਂ ਨਾਲ ਘੁਲਣ-ਮਿਲਣ ਵਿਚ ਮਾਹਰ ਸੀ। ਉਹ ਵਿਆਹ ਵਿਚ ਇਸ ਤਰ੍ਹਾਂ ਸ਼ਾਮਲ ਹੁੰਦੇ ਸਨ ਜਿਵੇਂ ਉਨ੍ਹਾਂ ਨੂੰ ਸੱਦਾ ਦਿੱਤਾ ਗਿਆ ਸੀ। ਉਹ ਖਾਣਾ ਖਾਂਦੇ ਅਤੇ ਸਹੀ ਪਲ ਦੀ ਧੀਰਜ ਨਾਲ ਉਡੀਕ ਕਰਦੇ ਸਨ। ਅਧਿਕਾਰੀ ਨੇ ਦੱਸਿਆ ਕਿ ਮੌਕਾ ਮਿਲਦੇ ਹੀ ਉਹ ਲਾੜਾ-ਲਾੜੀ ਲਈ ਰੱਖੇ ਤੋਹਫ਼ਿਆਂ, ਗਹਿਣਿਆਂ ਅਤੇ ਨਕਦੀ ਨਾਲ ਭਰੇ ਬੈਗ ਚੋਰੀ ਕਰ ਲੈਂਦੇ ਸਨ ਅਤੇ ਫਿਰ ਘਟਨਾ ਵਾਲੀ ਥਾਂ ਤੋਂ ਗਾਇਬ ਹੋ ਜਾਂਦੇ ਸਨ। ਉਨ੍ਹਾਂ ਕਿਹਾ ਕਿ ਦਿੱਲੀ-NCR 'ਚ ਵਿਆਹਾਂ ਵਿਚ ਚੋਰੀ ਦੀਆਂ ਕਈ ਘਟਨਾਵਾਂ ਤੋਂ ਬਾਅਦ ਪੁਲਸ ਨੇ ਜਾਂਚ ਸ਼ੁਰੂ ਕਰ ਦਿੱਤੀ ਹੈ।

ਬੱਚਿਆਂ ਨੂੰ ਸਿਖਾਇਆ ਜਾਂਦਾ ਸੀ ਚੋਰੀ ਕਰਨਾ

ਗੈਂਗ ਦੀ ਸਭ ਤੋਂ ਵੱਡੀ ਚਾਲ ਇਹ ਸੀ ਕਿ ਉਹ ਨਾਬਾਲਗਾਂ ਨੂੰ ਚੋਰੀ ਦੀਆਂ ਵਾਰਦਾਤਾਂ 'ਚ ਸ਼ਾਮਲ ਕਰਦੇ ਸਨ। ਜਾਂਚ ਤੋਂ ਪਤਾ ਲੱਗਾ ਹੈ ਕਿ ਗੈਂਗ ਦਾ ਸਰਗਨਾ ਪਿੰਡ ਵਿਚ ਰਹਿੰਦੇ ਬੱਚਿਆਂ ਦੇ ਮਾਪਿਆਂ ਨੂੰ ਵਰਗਲਾ ਕੇ ਬੱਚਿਆਂ ਦੇ ਕੰਮ ਦੇ ਬਦਲੇ 10 ਤੋਂ 12 ਲੱਖ ਰੁਪਏ ਸਾਲਾਨਾ ਦੀ ਪੇਸ਼ਕਸ਼ ਕਰਦਾ ਸੀ। ਅਧਿਕਾਰੀ ਨੇ ਦੱਸਿਆ ਕਿ ਇਸ ਤੋਂ ਬਾਅਦ 9 ਤੋਂ 15 ਸਾਲ ਦੀ ਉਮਰ ਦੇ ਇਨ੍ਹਾਂ ਬੱਚਿਆਂ ਨੂੰ ਦਿੱਲੀ ਲਿਆਂਦਾ ਜਾਂਦਾ ਸੀ ਅਤੇ ਬਿਨਾਂ ਕਿਸੇ ਦੀ ਨਜ਼ਰ ਵਿਚ ਆਏ ਚੋਰੀ ਕਰਨਾ ਸਿਖਾਇਆ ਜਾਂਦਾ ਸੀ। ਇਸ ਤੋਂ ਇਲਾਵਾ ਉਨ੍ਹਾਂ ਨੂੰ ਵਿਆਹ ਦੇ ਮਹਿਮਾਨਾਂ ਨਾਲ ਮੇਲ-ਮਿਲਾਪ, ਗੁਪਤ ਤਰੀਕੇ ਨਾਲ ਕੰਮ ਕਰਨ ਅਤੇ ਫੜੇ ਜਾਣ 'ਤੇ ਸ਼ਾਂਤ ਰਹਿਣ ਦੀ ਵੀ ਸਿੱਖਿਆ ਦਿੱਤੀ ਗਈ। 

ਮੁਲਜ਼ਮਾਂ ਤੋਂ ਫੜੀ ਗਈ ਮੋਟੀ ਨਕਦੀ

ਡਿਪਟੀ ਕਮਿਸ਼ਨਰ ਨੇ ਕਿਹਾ ਕਿ ਪੁਲਸ ਨੂੰ ਗਿਰੋਹ ਦੀਆਂ ਗਤੀਵਿਧੀਆਂ ਬਾਰੇ ਸੂਚਨਾ ਮਿਲੀ ਅਤੇ ਸ਼ਾਸਤਰੀ ਪਾਰਕ ਮੈਟਰੋ ਡਿਪੂ ਨੇੜੇ ਛਾਪੇਮਾਰੀ ਕੀਤੀ। ਛਾਪੇਮਾਰੀ ਦੌਰਾਨ ਤਿੰਨ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕੀਤਾ ਗਿਆ ਅਤੇ ਇਕ ਨਾਬਾਲਗ ਨੂੰ ਹਿਰਾਸਤ 'ਚ ਲਿਆ ਗਿਆ। ਉਨ੍ਹਾਂ ਦੱਸਿਆ ਕਿ ਮੁਲਜ਼ਮਾਂ ਦੀ ਪਛਾਣ ਅੱਜੂ (24), ਕੁਲਜੀਤ (22) ਅਤੇ ਕਾਲੂ ਛਿਆਲ (25) ਵਜੋਂ ਹੋਈ ਹੈ। ਅਧਿਕਾਰੀ ਨੇ ਦੱਸਿਆ ਕਿ ਇਹ ਸਾਰੇ ਮੱਧ ਪ੍ਰਦੇਸ਼ ਦੇ ਰਹਿਣ ਵਾਲੇ ਹਨ। ਉਨ੍ਹਾਂ ਦੱਸਿਆ ਕਿ ਪੁਲਸ ਨੇ ਮੁਲਜ਼ਮਾਂ ਕੋਲੋਂ 2,14,000 ਰੁਪਏ ਦੀ ਨਕਦੀ, ਇਕ ਮੋਬਾਈਲ ਫ਼ੋਨ ਅਤੇ ਕਈ ਚਾਂਦੀ ਦੇ ਗਹਿਣੇ ਬਰਾਮਦ ਕੀਤੇ ਹਨ।


 


author

Tanu

Content Editor

Related News