ਅਜਮੇਰ ’ਚ ਦੋ ਟਰੱਕਾਂ ’ਚ ਟੱਕਰ ਤੋਂ ਬਾਅਦ ਲੱਗੀ ਅੱਗ, 4 ਲੋਕ ਜਿਊਂਦੇ ਸੜੇ (ਦੇਖੋ ਤਸਵੀਰਾਂ)
Wednesday, Aug 18, 2021 - 09:21 AM (IST)
ਜੈਪੁਰ (ਭਾਸ਼ਾ)– ਰਾਜਸਥਾਨ ਦੇ ਅਜਮੇਰ ਜ਼ਿਲੇ ’ਚ ਮੰਗਲਵਾਰ ਨੂੰ ਵੱਡਾ ਸੜਕ ਹਾਦਸਾ ਹੋ ਗਿਆ। ਇੱਥੇ ਸ਼ਹਿਰ ਦੇ ਆਦਰਸ਼ ਨਗਰ ਥਾਣਾ ਇਲਾਕੇ ’ਚ 2 ਟ੍ਰੇਲਰ ਟਰੱਕਾਂ ’ਚ ਜ਼ੋਰਦਾਰ ਟੱਕਰ ਹੋ ਗਈ, ਜਿਸ ਤੋਂ ਬਾਅਦ ਦੋਵੇਂ ਟਰੱਕਾਂ ’ਚ ਭਿਆਨਕ ਅੱਗ ਲੱਗ ਗਈ। ਜਿਸ ਨਾਲ ਇਨ੍ਹਾਂ ’ਚ ਸਵਾਰ 4 ਲੋਕ ਜਿਊਂਦੇ ਸੜ ਗਏ। ਹਾਦਸੇ ਦੀ ਸੂਚਨਾ ਤੋਂ ਬਾਅਦ ਫਾਇਰ ਬ੍ਰਿਗੇਡ ਦੀਆਂ ਗੱਡੀਆਂ ਮੌਕੇ ’ਤੇ ਪਹੁੰਚੀਆਂ ਅਤੇ ਸਖਤ ਮਸ਼ੱਕਤ ਤੋਂ ਬਾਅਦ ਅੱਗ ’ਤੇ ਕਾਬੂ ਪਾਇਆ।
ਆਦਰਸ਼ ਨਗਰ ਥਾਣਾ ਪੁਲਸ ਨੇ ਲਾਸ਼ਾਂ ਨੂੰ ਟਰੱਕਾਂ ਤੋਂ ਬਾਹਰ ਕੱਢ ਕੇ ਉਨ੍ਹਾਂ ਨੂੰ ਜਵਾਹਰ ਲਾਲ ਨਹਿਰੂ ਹਸਪਤਾਲ ਦੀ ਮੋਰਚਰੀ ’ਚ ਪਹੁੰਚਾਇਆ ਹੈ। ਹਾਲੇ ਤੱਕ ਮ੍ਰਿਤਕਾਂ ਦੀ ਸ਼ਨਾਖਤ ਨਹੀਂ ਹੋ ਸਕੀ ਹੈ। ਪੁਲਸ ਉਨ੍ਹਾਂ ਦੀ ਸ਼ਨਾਖਤਗੀ ਅਤੇ ਮਾਮਲੇ ਦੀ ਜਾਂਚ ’ਚ ਜੁਟੀ ਹੈ। ਪੁਲਸ ਮੁਤਾਬਕ ਹਾਦਸਾ ਰਾਸ਼ਟਰੀ ਰਾਜਮਾਰਗ ਗਿਣਤੀ-8 ’ਤੇ ਸਵੇਰੇ ਕਰੀਬ 6 ਵਜੇ ‘ਮਾਮੇ ਦਾ ਢਾਬਾ’ ਨੇੜੇ ਹੋਇਆ। ਉਸ ਸਮੇਂ ਟਾਈਲਸ ਪਾਊਡਰ ਨਾਲ ਭਰਿਆ ਹੋਇਆ ਇਕ ਟ੍ਰੇਲਰ ਜੈਪੁਰ ਤੋਂ ਬਿਆਵਰ ਵੱਲ ਜਾ ਰਿਹਾ ਸੀ। ਇਸ ਦੌਰਾਨ ਉਹ ਸੰਤੁਲਨ ਗੁਆ ਕੇ ਡਿਵਾਈਡਰ ਪਾਰ ਕਰ ਕੇ ਦੂਜੇ ਪਾਸੇ ਆ ਗਿਆ ਅਤੇ ਬਿਆਵਰ ਤੋਂ ਜੈਪੁਰ ਵੱਲ ਜਾ ਰਹੇ ਦੂਜੇ ਟ੍ਰੇਲਰ ਨਾਲ ਜਾ ਟਕਰਾਇਆ। ਉਸ ਟਰੱਕ ’ਚ ਮਾਰਬਲ ਦੀਆਂ ਥੱਪੀਆਂ ਭਰੀਆਂ ਹੋਈਆਂ ਸਨ। ਦੋਵੇਂ ਵਾਹਨਾਂ ਦੀ ਟੱਕਰ ਹੁੰਦੇ ਹੀ ਉਨ੍ਹਾਂ ’ਚ ਅੱਗ ਲੱਗ ਗਈ। ਇਸ ਦੌਰਾਨ ਦੋਵੇਂ ਟਰੱਕਾਂ ਦੇ ਚਾਲਕ ਅਤੇ ਪਰਿਚਾਲਕ ਉਨ੍ਹਾਂ ’ਚ ਫਸ ਕੇ ਰਹਿ ਗਏ, ਪਰ ਇਨ੍ਹਾਂ ’ਚੋਂ ਇਕ ਟਰੱਕ ’ਚ ਸਵਾਰ ਇਕ ਹੋਰ ਸਟਾਫ ਮੈਂਬਰ ਨੇ ਛਾਲ ਮਾਰ ਕੇ ਆਪਣੀ ਜਾਨ ਬਚਾ ਲਈ। ਹਾਦਸੇ ਤੋਂ ਬਾਅਦ ਦੇਖਦੇ ਹੀ ਦੇਖਦੇ ਅੱਗ ਨੇ ਭਿਆਨਕ ਰੂਪ ਧਾਰਨ ਕਰ ਲਿਆ। ਹਾਦਸੇ ਕਾਰਨ ਰਾਜਮਾਰਗ ਜਾਮ ਹੋ ਗਿਆ। ਅੱਗ ਨੂੰ ਦੇਖ ਕੇ ਲੋਕ ਸਹਿਮ ਗਏ। ਜ਼ਖ਼ਮੀ ਹੋਏ ਸਟਾਫ ਮੈਂਬਰ ਨੂੰ ਪੁਲਸ ਨੇ ਇਲਾਜ ਲਈ ਹਸਪਤਾਲ ਭੇਜਿਆ ਹੈ। ਹਾਦਸੇ ਕਾਰਨ ਰਾਜਮਾਰਗ ਕਾਫ਼ੀ ਦੇਰ ਤੱਕ ਜਾਮ ਰਿਹਾ।