ਪੁਲਵਾਮਾ ਤੋਂ ਲਸ਼ਕਰ ਅੱਤਵਾਦੀਆਂ ਦੇ 4 ਮਦਦਗਾਰ ਗ੍ਰਿਫ਼ਤਾਰ, IED ਵਿਸਫ਼ੋਟ ਲਗਾਉਣ ਦੀ ਬਣਾ ਰਿਹੈ ਸਨ ਯੋਜਨਾ

11/12/2022 10:20:41 AM

ਸ਼੍ਰੀਨਗਰ (ਭਾਸ਼ਾ)- ਜੰਮੂ ਕਸ਼ਮੀਰ ਦੇ ਪੁਲਵਾਮਾ ਤੋਂ ਲਸ਼ਕਰ-ਏ-ਤੋਇਬਾ ਦੇ ਅੱਤਵਾਦੀਆਂ ਦੇ ਚਾਰ ਮਦਦਗਾਰਾਂ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ। ਉਹ ਸੁਰੱਖਿਆ ਫ਼ੋਰਸਾਂ ਨੂੰ ਨੁਕਸਾਨ ਪਹੁੰਚਾਉਣ ਲਈ ਆਈ.ਈ.ਡੀ. ਵਿਸਫ਼ੋਟ ਲਗਾਉਣ ਦੀ ਯੋਜਨਾ ਬਣਾ ਰਹੇ ਸਨ। ਪੁਲਸ ਨੇ ਸ਼ੁੱਕਰਵਾਰ ਨੂੰ ਦੱਸਿਆ ਕਿ ਪੁਲਸ ਨੇ ਸੁਰੱਖਿਆ ਫ਼ੋਰਸਾਂ ਨਾਲ ਮਿਲ ਕੇ ਚਾਰ ਵਿਅਕਤੀਆਂ ਨੂੰ ਗ੍ਰਿਫ਼ਤਾਰ ਕੀਤਾ ਅਤੇ ਉਨ੍ਹਾਂ ਕੋਲੋਂ ਵਿਸਫ਼ੋਟਕ ਸਮੇਤ ਇਤਰਾਜ਼ਯੋਗ ਸਮੱਗਰੀ ਬਰਾਮਦ ਕੀਤੀ। 

ਪੁਲਸ ਦੇ ਇਕ ਬੁਲਾਰੇ ਨੇ ਦੱਸਿਆ ਕਿ ਦੋਸ਼ੀਆਂ ਦੀ ਪਛਾਣ ਕਰਾਮਤ-ਉਲ-ਲਾਹ ਰੇਸ਼ੀ, ਸੁਹੈਲ ਬਸ਼ੀਰ ਗਨੀ, ਆਦਿਲ ਗਨੀ ਲੋਨ ਅਤੇ ਇਰਸ਼ਾਦ ਅਹਿਮਦ ਕੁਮਾਰ ਵਜੋਂ ਹੋਈ ਹੈ। ਮਾਮਲੇ 'ਚ 3 ਹੋਰ ਨੂੰ ਹਿਰਾਸਤ 'ਚ ਲਿਆ ਗਿਆ ਹੈ। ਸ਼ੁਰੂਆਤੀ ਜਾਂਚ ਦੌਰਾਨ, ਇਹ ਪਾਇਆ ਗਿਆ ਕਿ ਅੱਤਵਾਦੀਆਂ ਦੇ ਮਦਦਗਾਰ ਲਸ਼ਕਰ ਦੇ ਅੱਤਵਾਦੀ ਕਮਾਂਡਰ (ਪਾਕਿਸਤਾਨ ਦੇ ਕਬਜ਼ੇ ਵਾਲੇ ਕਸ਼ਮੀਰ ਵਾਸੀ) ਬਾਬਰ ਉਰਫ਼ ਸਮਾਮਾ ਦੇ ਸੰਪਰਕ 'ਚ ਸਨ। ਪੁਲਸ ਬੁਲਾਰੇ ਨੇ ਦੱਸਿਆ ਕਿ ਉਹ ਤ੍ਰਾਲ ਇਲਾਕੇ 'ਚ ਆਈ.ਈ.ਡੀ. ਲਗਾਉਣ ਦੀ ਯੋਜਨਾ ਬਣਾ ਰਹੇ ਸਨ ਤਾਂ ਕਿ ਪੁਲਸ ਅਤੇ ਸੁਰੱਖਿਆ ਫ਼ੋਰਸਾਂ ਨੂੰ ਨੁਕਸਾਨ ਪਹੁੰਚਾਇਆ ਜਾ ਸਕੇ। ਉਨ੍ਹਾਂ ਦੱਸਿਆ ਕਿ ਉਹ ਲਸ਼ਕਰ ਦੇ ਸਰਗਰਮ ਅੱਤਵਾਦੀਆਂ ਨੂੰ ਹਥਿਆਰ ਅਤੇ ਗੋਲਾ-ਬਾਰੂਦ ਪਹੁੰਚਾਉਣ 'ਚ ਵੀ ਸ਼ਾਮਲ ਸਨ। ਬੁਲਾਰੇ ਅਨੁਸਾਰ ਮਾਮਲਾ ਦਰਜ ਕਰ ਲਿਆ ਗਿਆ ਹੈ ਅਤੇ ਜਾਂਚ ਕੀਤੀ ਜਾ ਰਹੀ ਹੈ।


DIsha

Content Editor

Related News