MP ; ਤੇਜ਼ ਰਫ਼ਤਾਰ Fortuner ਬਣੀ ''ਕਾਲ਼'' ! ਉੱਡ ਗਏ ਪਰਖੱਚੇ, ਅੰਦਰ ਬੈਠੇ 5 ਲੋਕਾਂ ਦੀ ਗਈ ਜਾਨ
Sunday, Nov 16, 2025 - 09:38 AM (IST)
ਨੈਸ਼ਨਲ ਡੈਸਕ- ਮੱਧ ਪ੍ਰਦੇਸ਼ ਤੋਂ ਇਕ ਬੇਹੱਦ ਮੰਦਭਾਗੀ ਖ਼ਬਰ ਸਾਹਮਣੇ ਆ ਰਹੀ ਹੈ, ਜਿੱਥੋਂ ਦੇ ਗਵਾਲੀਅਰ-ਝਾਂਸੀ ਹਾਈਵੇਅ 'ਤੇ ਐਤਵਾਰ ਸਵੇਰੇ ਇੱਕ ਭਿਆਨਕ ਸੜਕ ਹਾਦਸਾ ਵਾਪਰ ਗਿਆ, ਜਿਸ ਕਾਰਨ ਫਾਰਚੂਨਰ ਕਾਰ ਸਵਾਰ 5 ਲੋਕਾਂ ਦੀ ਮੌਕੇ 'ਤੇ ਹੀ ਦਰਦਨਾਕ ਮੌਤ ਹੋ ਗਈ।
ਇਹ ਦਰਦਨਾਕ ਹਾਦਸਾ ਐਤਵਾਰ ਸਵੇਰੇ ਕਰੀਬ 6:30 ਵਜੇ ਮਾਲਵਾ ਕਾਲਜ ਦੇ ਸਾਹਮਣੇ ਵਾਪਰਿਆ। ਤੇਜ਼ ਰਫ਼ਤਾਰ ਫਾਰਚੂਨਰ ਕਾਰ ਸਵਾਰ ਲੋਕ ਉੱਤਰ ਪ੍ਰਦੇਸ਼ ਦੇ ਝਾਂਸੀ ਤੋਂ ਇੱਕ ਸਮਾਗਮ ਵਿੱਚ ਸ਼ਾਮਲ ਹੋ ਕੇ ਗਵਾਲੀਅਰ ਵਾਪਸ ਆ ਰਹੇ ਸਨ ਕਿ ਅਚਾਨਕ ਰੇਤ ਨਾਲ ਭਰੀ ਇੱਕ ਟਰੈਕਟਰ-ਟਰਾਲੀ ਨਾਲ ਇਸ ਦੀ ਜ਼ਬਰਦਸਤ ਟੱਕਰ ਹੋ ਗਈ।
ਟੱਕਰ ਇੰਨੀ ਭਿਆਨਕ ਸੀ ਕਿ ਡਰਾਈਵਰ ਦੇ ਕਾਬੂ 'ਚੋਂ ਗੱਡੀ ਬਾਹਰ ਹੋ ਗਈ ਤੇ ਅਤੇ ਕਾਰ ਪਿੱਛੋਂ ਟਰਾਲੀ ਦੇ ਹੇਠਾਂ ਵੜ ਗਈ। ਇਸ ਕਾਰਨ ਕਾਰ ਸਵਾਰ 5 ਲੋਕਾਂ ਦੀ ਮੌਕੇ 'ਤੇ ਹੀ ਮੌਤ ਹੋ ਗਈ। ਟਰਾਲੀ ਦੇ ਹੇਠਾਂ ਬੁਰੀ ਤਰ੍ਹਾਂ ਫਸੀ ਹੋਣ ਕਾਰਨ ਪੁਲਸ ਅਤੇ ਸਥਾਨਕ ਲੋਕਾਂ ਨੇ ਕਟਰ ਮਸ਼ੀਨ ਦੀ ਮਦਦ ਨਾਲ ਗੱਡੀ ਨੂੰ ਕੱਟ ਕੇ ਲਾਸ਼ਾਂ ਨੂੰ ਬਾਹਰ ਕੱਢਿਆ। ਟੱਕਰ ਕਾਰਨ ਕਾਰ ਦੇ ਵੀ ਪਰਖੱਚੇ ਉੱਡ ਗਏ।
ਇਹ ਵੀ ਪੜ੍ਹੋ- ''ਸਸਤੇ ਨੌਕਰ, ਸਾਨੂੰ ਇਨ੍ਹਾਂ ਦੀ ਲੋੜ ਨਹੀਂ..!'', ਅਮਰੀਕਾ ਨੇ ਖਿੱਚ ਲਈ H-1B visa ਖ਼ਤਮ ਕਰਨ ਦੀ ਤਿਆਰੀ
ਪੁਲਿਸ ਅਨੁਸਾਰ ਕਾਰ ਦੇ ਏਅਰਬੈਗ ਖੁੱਲ੍ਹ ਕੇ ਫਟ ਗਏ ਸਨ, ਜਿਸ ਤੋਂ ਅੰਦਾਜ਼ਾ ਲਗਾਇਆ ਜਾ ਰਿਹਾ ਹੈ ਕਿ ਕਾਰ ਦੀ ਰਫ਼ਤਾਰ ਲਗਭਗ 120 ਕਿਲੋਮੀਟਰ ਪ੍ਰਤੀ ਘੰਟਾ ਹੋਵੇਗੀ। ਮੌਕੇ 'ਤੇ ਮੌਜੂਦ ਲੋਕਾਂ ਨੇ ਇਹ ਵੀ ਦੱਸਿਆ ਕਿ ਕਾਰ ਵਿੱਚੋਂ ਸ਼ਰਾਬ ਦੀਆਂ ਖਾਲੀ ਬੋਤਲਾਂ ਅਤੇ ਖਾਲੀ ਡਿਸਪੋਜ਼ੇਬਲ ਗਿਲਾਸ ਮਿਲੇ ਹਨ, ਜਿਸ ਤੋਂ ਅੰਦਾਜ਼ਾ ਲਗਾਇਆ ਜਾ ਰਿਹਾ ਹੈ ਕਿ ਉਕਤ ਲੋਕ ਸ਼ਰਾਬ ਦੇ ਨਸ਼ੇ 'ਚ ਜਾ ਰਹੇ ਸਨ।
ਫਿਲਹਾਲ ਮ੍ਰਿਤਕਾਂ ਦੀ ਪਛਾਣ ਨਹੀਂ ਹੋ ਸਕੀ ਹੈ, ਪਰ ਸਾਰੇ ਮ੍ਰਿਤਕ ਗਵਾਲੀਅਰ ਦੇ ਰਹਿਣ ਵਾਲੇ ਦੱਸੇ ਜਾ ਰਹੇ ਹਨ। ਇਸ ਰੂਹ ਕੰਬਾ ਦੇਣ ਵਾਲੇ ਹਾਦਸੇ ਤੋਂ ਬਾਅਦ ਇਲਾਕੇ ਵਿੱਚ ਸਨਸਨੀ ਫੈਲ ਗਈ ਹੈ। ਫਿਲਹਾਲ ਪੁਲਸ ਮਾਮਲੇ ਦੀ ਜਾਂਚ ਕਰ ਰਹੀ ਹੈ ਤੇ ਮ੍ਰਿਤਕਾਂ ਦੀ ਪਛਾਣ ਦੀਆਂ ਕੋਸ਼ਿਸ਼ਾਂ ਕਰ ਰਹੀ ਹੈ।
