ਵਸੂਲੀ ਮਾਮਲਾ: ਮੁੰਬਈ ਦੇ ਸਾਬਕਾ ਪੁਲਸ ਕਮਿਸ਼ਨਰ ਪਰਮਬੀਰ ਸਿੰਘ ਨੂੰ ਭਗੌੜਾ ਐਲਾਨਿਆ ਗਿਆ

Wednesday, Nov 17, 2021 - 08:38 PM (IST)

ਵਸੂਲੀ ਮਾਮਲਾ: ਮੁੰਬਈ ਦੇ ਸਾਬਕਾ ਪੁਲਸ ਕਮਿਸ਼ਨਰ ਪਰਮਬੀਰ ਸਿੰਘ ਨੂੰ ਭਗੌੜਾ ਐਲਾਨਿਆ ਗਿਆ

ਮੁੰਬਈ - ਮੁੰਬਈ ਦੇ ਸਾਬਕਾ ਪੁਲਸ ਕਮਿਸ਼ਨਰ ਪਰਮਬੀਰ ਸਿੰਘ ਨੂੰ ਭਗੌੜਾ ਐਲਾਨ ਕਰ ਦਿੱਤਾ ਗਿਆ ਹੈ। ਸਰਕਾਰੀ ਵਕੀਲ ਸ਼ੇਖਰ ਜਗਤਾਪ ਨੇ ਦੱਸਿਆ ਕਿ ਕੋਰਟ ਵਿੱਚ ਉਨ੍ਹਾਂ ਦੀ ਐਪਲੀਕੇਸ਼ਨ ਨੂੰ ਇਜਾਜ਼ਤ ਦਿੱਤੀ ਗਈ ਹੈ। ਜਗਤਾਪ ਨੇ ਦੱਸਿਆ, ਮੁੰਬਈ ਦੀ ਐਸਪਲੇਨੇਡ ਕੋਰਟ ਨੇ ਸਾਬਕਾ ਪੁਲਸ ਕਮਿਸ਼ਨਰ ਪਰਮਬੀਰ ਸਿੰਘ ਨੂੰ ਭਗੌੜਾ ਕਰਾਰ ਦੇਣ ਦੀ ਮੁੰਬਈ ਪੁਲਸ ਦੀ ਅਰਜ਼ੀ ਨੂੰ ਸਵੀਕਾਰ ਕਰ ਲਿਆ ਹੈ।

ਮਾਮਲੇ ਦੀ ਜਾਂਚ ਕਰ ਰਹੀ ਮੁੰਬਈ ਪੁਲਸ ਦੀ ਅਪਰਾਧ ਸ਼ਾਖਾ ਨੇ ਇਹ ਕਹਿੰਦੇ ਹੋਏ ਭਾਰਤੀ ਪੁਲਸ ਸੇਵਾ (ਆਈ.ਪੀ.ਐੱਸ.) ਦੇ ਅਧਿਕਾਰੀ ਪਰਮਬੀਰ ਸਿੰਘ ਨੂੰ ‘‘ਫਰਾਰ ਐਲਾਨ’’ ਕੀਤੇ ਜਾਣ ਦੀ ਅਪੀਲ ਕੀਤੀ ਸੀ ਕਿ ਉਨ੍ਹਾਂ  ਖ਼ਿਲਾਫ਼ ਗੈਰ-ਜਮਾਨਤੀ ਵਾਰੰਟ ਜਾਰੀ ਹੋਣ ਤੋਂ ਬਾਅਦ ਵੀ ਉਨ੍ਹਾਂ ਦਾ ਪਤਾ ਨਹੀਂ ਲਗਾਇਆ ਜਾ ਸਕਿਆ ਹੈ।

ਫੌਜਦਾਰੀ ਜਾਬਤਾ ਦੀ ਧਾਰਾ 82 ਦੇ ਤਹਿਤ ਅਦਾਲਤ ਦੁਆਰਾ ਘੋਸ਼ਣਾ ਪੱਤਰ ਦੇ ਪ੍ਰਕਾਸ਼ਿਤ ਹੋਣ 'ਤੇ ਪੇਸ਼ ਹੋਣ ਦੀ ਲੋੜ ਹੁੰਦੀ ਹੈ ਜੇਕਰ ਉਸਦੇ ਖਿਲਾਫ ਜਾਰੀ ਕੀਤਾ ਗਿਆ ਵਾਰੰਟ ਪੂਰਾ ਨਹੀਂ ਹੋਇਆ ਹੈ। ਧਾਰਾ 83 ਤਹਿਤ ਘੋਸ਼ਣਾ ਪੱਤਰ ਪ੍ਰਕਾਸ਼ਿਤ ਹੋਣ ਤੋਂ ਬਾਅਦ ਅਦਾਲਤ ਕਿਸੇ ਦੋਸ਼ੀ ਦੀ ਜਾਇਦਾਦ ਜ਼ਬਤ ਕਰਨ ਦਾ ਹੁਕਮ ਦੇ ਸਕਦੀ ਹੈ। 

ਸਾਬਕਾ ਸਹਾਇਕ ਥਾਣੇਦਾਰ ਸਚਿਨ ਵਾਜੇ ਵੀ ਗੋਰੇਗਾਂਵ ਥਾਣੇ ਵਿੱਚ ਦਰਜ ਕੇਸ ਵਿੱਚ ਮੁਲਜ਼ਮ ਹਨ। ਪਰਮਬੀਰ ਸਿੰਘ ਤੋਂ ਇਲਾਵਾ ਸਹਿ ਮੁਲਜ਼ਮ ਵਿਨੈ ਸਿੰਘ ਅਤੇ ਰਿਆਜ਼ ਭੱਟੀ ਨੂੰ ਵੀ ਵਧੀਕ ਚੀਫ਼ ਮੈਟਰੋਪੋਲੀਟਨ ਮੈਜਿਸਟਰੇਟ ਐੱਸ.ਬੀ. ਭਾਜੀਪਾਲੇ ਨੇ ‘ਭਗੌੜਾ’ ਐਲਾਨ ਦਿੱਤਾ ਹੈ। 

ਰੀਅਲ ਅਸਟੇਟ ਡਿਵੈਲਪਰ ਅਤੇ ਹੋਟਲ ਕਾਰੋਬਾਰੀ ਬਿਮਲ ਅਗਰਵਾਲ ਨੇ ਦੋਸ਼ ਲਗਾਇਆ ਸੀ ਕਿ ਦੋਸ਼ੀ ਨੇ ਦੋ ਵਾਰ ਰੈਸਟੋਰੈਂਟ 'ਤੇ ਛਾਪੇਮਾਰੀ ਨਾ ਕਰਨ ਲਈ ਉਸ ਤੋਂ 9 ਲੱਖ ਰੁਪਏ ਦੀ ਫਿਰੌਤੀ ਕੀਤੀ। ਉਨ੍ਹਾਂ ਦਾਅਵਾ ਕੀਤਾ ਕਿ ਇਹ ਘਟਨਾਵਾਂ ਜਨਵਰੀ 2020 ਤੋਂ ਮਾਰਚ 2021 ਦਰਮਿਆਨ ਹੋਈਆਂ ਹਨ। ਅਗਰਵਾਲ ਦੀ ਸ਼ਿਕਾਇਤ ਤੋਂ ਬਾਅਦ, ਛੇ ਦੋਸ਼ੀਆਂ ਵਿਰੁੱਧ ਭਾਰਤੀ ਦੰਡਾਵਲੀ ਦੀ ਧਾਰਾ 384 ਅਤੇ 385 (ਦੋਵੇਂ ਜਬਰੀ ਵਸੂਲੀ ਨਾਲ ਸਬੰਧਤ) ਅਤੇ 34 (ਸਾਂਝੀ ਇਰਾਦਾ) ਦੇ ਤਹਿਤ ਕੇਸ ਦਰਜ ਕੀਤਾ ਗਿਆ ਸੀ।

ਨੋਟ - ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ? ਕੁਮੈਂਟ ਕਰਕੇ ਦਿਓ ਜਵਾਬ।


author

Inder Prajapati

Content Editor

Related News