ਜੇਲ੍ਹ ''ਚ ਸਾਬਕਾ ਮੰਤਰੀ ਗਾਇਤਰੀ ਪ੍ਰਜਾਪਤੀ ’ਤੇ ਹਮਲਾ, ਸਿਰ ''ਚ ਲੱਗੇ 10 ਟਾਂਕੇ

Wednesday, Oct 01, 2025 - 02:45 AM (IST)

ਜੇਲ੍ਹ ''ਚ ਸਾਬਕਾ ਮੰਤਰੀ ਗਾਇਤਰੀ ਪ੍ਰਜਾਪਤੀ ’ਤੇ ਹਮਲਾ, ਸਿਰ ''ਚ ਲੱਗੇ 10 ਟਾਂਕੇ

ਨੈਸ਼ਨਲ ਡੈਸਕ - ਲਖਨਊ ਜੇਲ੍ਹ ਵਿੱਚ ਬੰਦ ਸਾਬਕਾ ਮੰਤਰੀ ਅਤੇ ਸਮਾਜਵਾਦੀ ਪਾਰਟੀ ਦੇ ਸਾਬਕਾ ਵਿਧਾਇਕ ਗਾਇਤਰੀ ਪ੍ਰਸਾਦ ਪ੍ਰਜਾਪਤੀ ’ਤੇ ਸੋਮਵਾਰ ਨੂੰ ਇੱਕ ਕੈਦੀ ਨੇ ਕੈਂਚੀ ਨਾਲ ਹਮਲਾ ਕਰ ਦਿੱਤਾ। ਹਮਲੇ ਦੌਰਾਨ ਪ੍ਰਜਾਪਤੀ ਦੇ ਸਿਰ ’ਤੇ ਕਈ ਵਾਰ ਕੀਤੇ ਗਏ, ਜਿਸ ਕਰਕੇ ਉਹ ਗੰਭੀਰ ਰੂਪ ਵਿੱਚ ਜ਼ਖ਼ਮੀ ਹੋ ਗਏ। ਉਨ੍ਹਾਂ ਦੇ ਸਿਰ ’ਤੇ 10 ਤੋਂ ਵੱਧ ਟਾਂਕੇ ਲੱਗੇ ਹਨ। ਇਸ ਵੇਲੇ ਉਹ ਹਸਪਤਾਲ ਵਿੱਚ ਦਾਖ਼ਲ ਹਨ ਅਤੇ ਖ਼ਤਰੇ ਤੋਂ ਬਾਹਰ ਦੱਸੇ ਜਾ ਰਹੇ ਹਨ।

ਸਪਾ ਵੱਲੋਂ ਸੁਰੱਖਿਆ ’ਤੇ ਸਵਾਲ
ਇਸ ਘਟਨਾ ਤੋਂ ਬਾਅਦ ਸਮਾਜਵਾਦੀ ਪਾਰਟੀ ਨੇ ਜੇਲ੍ਹ ਪ੍ਰਸ਼ਾਸਨ ਦੀ ਸੁਰੱਖਿਆ ਪ੍ਰਣਾਲੀ ’ਤੇ ਸਵਾਲ ਚੁੱਕੇ ਹਨ। ਪਾਰਟੀ ਦੇ ਰਾਸ਼ਟਰੀ ਬੁਲਾਰੇ ਫ਼ਖ਼ਰੁਲ ਹਸਨ ਚਾਂਦ ਨੇ ਚਿੰਤਾ ਜ਼ਾਹਿਰ ਕਰਦੇ ਹੋਏ ਕਿਹਾ ਕਿ ਜੇਲ੍ਹ ਪ੍ਰਸ਼ਾਸਨ ਨੂੰ ਯਕੀਨੀ ਬਣਾਉਣਾ ਚਾਹੀਦਾ ਹੈ ਕਿ ਪ੍ਰਜਾਪਤੀ ਨੂੰ ਸਮੁੱਚਾ ਇਲਾਜ ਮਿਲੇ।

ਜਾਂਚ ਸ਼ੁਰੂ
ਜੇਲ੍ਹ ਅੰਦਰ ਹਮਲੇ ਤੋਂ ਬਾਅਦ ਪ੍ਰਸ਼ਾਸਨ ਚੌਕੰਨਾ ਹੋ ਗਿਆ ਹੈ। ਜੇਲ੍ਹ ਦੀ ਸੁਰੱਖਿਆ ਵਧਾ ਦਿੱਤੀ ਗਈ ਹੈ ਅਤੇ ਹਮਲੇ ਦੀ ਜਾਂਚ ਜਾਰੀ ਹੈ। ਪੁਲਸ ਇਹ ਪਤਾ ਲਗਾ ਰਹੀ ਹੈ ਕਿ ਹਮਲੇ ਦੇ ਪਿੱਛੇ ਕੌਣ ਹੈ ਅਤੇ ਕਿਸਦੇ ਇਸ਼ਾਰੇ ’ਤੇ ਇਹ ਘਟਨਾ ਵਾਪਰੀ। ਹਮਲਾਵਰ ਕੈਦੀ ਨੂੰ ਹਿਰਾਸਤ ਵਿੱਚ ਲੈ ਲਿਆ ਗਿਆ ਹੈ।

ਉਮਰਕੈਦ ਦੀ ਸਜ਼ਾ ਕੱਟ ਰਿਹਾ ਹੈ ਪ੍ਰਜਾਪਤੀ
ਗਾਇਤਰੀ ਪ੍ਰਜਾਪਤੀ 2017 ਤੋਂ ਲਖਨਊ ਜੇਲ੍ਹ ਵਿੱਚ ਬੰਦ ਹਨ। ਉਨ੍ਹਾਂ ਨੂੰ ਨਵੰਬਰ 2021 ਵਿੱਚ ਗੈਂਗਰੇਪ ਮਾਮਲੇ ਵਿੱਚ ਦੋਸ਼ੀ ਪਾਇਆ ਗਿਆ ਸੀ ਅਤੇ ਉਮਰਕੈਦ ਦੀ ਸਜ਼ਾ ਸੁਣਾਈ ਗਈ ਸੀ। ਕਈ ਵਾਰ ਜ਼ਮਾਨਤ ਲਈ ਅਰਜ਼ੀਆਂ ਦੇ ਬਾਵਜੂਦ, ਹਰ ਵਾਰ ਅਦਾਲਤ ਨੇ ਉਨ੍ਹਾਂ ਦੀ ਅਰਜ਼ੀ ਖ਼ਾਰਜ ਕਰ ਦਿੱਤੀ।


author

Inder Prajapati

Content Editor

Related News