ਐੱਲ. ਟੀ. ਸੀ. ਘਪਲਾ: ਜਦ (ਯੂ) ਦੇ ਸਾਬਕਾ ਸੰਸਦ ਮੈਂਬਰ ਅਨਿਲ ਸਹਿਨੀ ਦੋਸ਼ੀ ਕਰਾਰ
Tuesday, Aug 30, 2022 - 03:19 PM (IST)
ਨਵੀਂ ਦਿੱਲੀ (ਭਾਸ਼ਾ)– ਸੀ. ਬੀ. ਆਈ. ਦੀ ਇਕ ਵਿਸ਼ੇਸ਼ ਅਦਾਲਤ ਨੇ ਸੋਮਵਾਰ ਨੂੰ ਜਦ (ਯੂ) ਦੇ ਸਾਬਕਾ ਰਾਜ ਸਭਾ ਮੈਂਬਰ ਅਨਿਲ ਕੁਮਾਰ ਸਹਿਨੀ ਨੂੰ ਛੁੱਟੀ ਅਤੇ ਯਾਤਰਾ ਭੱਤਾ (ਐੱਲ. ਟੀ. ਸੀ.) ਘਪਲਾ ਮਾਮਲੇ ਵਿਚ ਦੋਸ਼ੀ ਠਹਿਰਾਇਆ। ਇਹ ਮਾਮਲਾ ਯਾਤਰਾ ਅਤੇ ਮਹਿੰਗਾਈ ਭੱਤੇ ਦੀ ਧੋਖਾਦੇਹੀ ਨਾਲ ਭੁਗਤਾਨ ਦਾ ਦਾਅਵਾ ਕਰਨ ਨਾਲ ਸੰਬੰਧਤ ਹੈ, ਜਦੋਂ ਸਹਿਨੀ ਰਾਜ ਸਭਾ ਦੇ ਮੈਂਬਰ ਸਨ। ਅਧਿਕਾਰੀਆਂ ਨੇ ਇਹ ਜਾਣਕਾਰੀ ਦਿੱਤੀ।
ਉਨ੍ਹਾਂ ਕਿਹਾ ਕਿ ਦੋਸ਼ ਹੈ ਕਿ ਸਹਿਨੀ ਨੇ ਬਿਨਾਂ ਕੋਈ ਯਾਤਰਾ ਕੀਤੇ ਯਾਤਰਾ ਅਤੇ ਮਹਿੰਗਾਈ ਭੱਤੇ ਦੇ ਭੁਗਤਾਨ ਦੇ ਰੂਪ ਵਿਚ ਜਾਅਲੀ ਈ-ਟਿਕਟ ਅਤੇ ਫਰਜ਼ੀ ਬੋਰਡਿੰਗ ਪਾਸ ਦਿੱਤੇ ਅਤੇ ਰਾਜ ਸਭਾ ਦੇ ਨਾਲ 23.71 ਲੱਖ ਰੁਪਏ ਦੀ ਧੋਖਾਦੇਹੀ ਕੀਤੀ। ਸਹਿਨੀ ਅਜੇ ਰਾਸ਼ਟਰੀ ਜਨਤਾ ਦਲ (ਰਾਜਦ) ਦੇ ਵਿਧਾਇਕ ਹਨ। ਕੇਂਦਰੀ ਏਜੰਸੀ ਨੇ 31 ਅਕਤੂਬਰ 2013 ਨੂੰ ਸਹਿਨੀ ਅਤੇ ਹੋਰਨਾਂ ਖਿਲਾਫ ਕੇਂਦਰੀ ਚੌਕਸੀ ਕਮਿਸ਼ਨ (ਸੀ. ਵੀ. ਸੀ.) ਦੇ ਇਕ ਸੰਦਰਭ ਤੋਂ ਬਾਅਦ ਮਾਮਲਾ ਦਰਜ ਕੀਤਾ ਸੀ।