ਹਰਿਆਣਾ ਦੇ ਸਾਬਕਾ ਮੁੱਖ ਮੰਤਰੀ ਓਮ ਪ੍ਰਕਾਸ਼ ਚੌਟਾਲਾ ਤਿਹਾੜ ਜੇਲ੍ਹ ਤੋਂ ਹੋਏ ਰਿਹਾਅ
Friday, Jul 02, 2021 - 12:45 PM (IST)
ਨਵੀਂ ਦਿੱਲੀ/ਹਰਿਆਣਾ- ਹਰਿਆਣਾ ਦੇ ਬਹੁਚਰਚਿਤ ਅਧਿਆਪਕ ਭਰਤੀ ਘਪਲੇ ਮਾਮਲੇ 'ਚ 10 ਸਾਲ ਦੀ ਸਜ਼ਾ ਕੱਟ ਰਹੇ ਸੂਬੇ ਦੇ ਸਾਬਕਾ ਮੁੱਖ ਮੰਤਰੀ ਓਮ ਪ੍ਰਕਾਸ਼ ਚੌਟਾਲਾ ਨੇ ਸਾਰੀ ਕਾਰਵਾਈ ਪੂਰੀ ਕਰਨ ਤੋਂ ਬਾਅਦ ਤਿਹਾੜ ਜੇਲ੍ਹ ਤੋਂ ਸ਼ੁੱਕਰਵਾਰ ਨੂੰ ਰਿਹਾਅ ਕਰ ਦਿੱਤਾ ਗਿਆ। ਜੇਲ੍ਹ ਦੇ ਅਧਿਕਾਰੀਆਂ ਨੇ ਇਹ ਜਾਣਕਾਰੀ ਦਿੱਤੀ। ਚੌਟਾਲਾ (86) ਪੈਰੋਲ 'ਤੇ ਰਿਹਾਅ ਸੀ ਅਤੇ ਸ਼ੁੱਕਰਵਾਰ ਨੂੰ ਉਹ ਰਸਮੀ ਕਾਰਵਾਈ ਪੂਰੀ ਕਰਨ ਲਈ ਤਿਹਾੜ ਜੇਲ੍ਹ ਪਹੁੰਚੇ ਸਨ, ਜਿਸ ਤੋਂ ਬਾਅਦ ਉਨ੍ਹਾਂ ਨੂੰ ਰਿਹਾਅ ਕਰ ਦਿੱਤਾ ਗਿਆ। ਡਾਇਰੈਕਟਰ ਜਨਰਲ (ਦਿੱਲੀ ਜੇਲ੍ਹ) ਸੰਦੀਪ ਗੋਇਲ ਨੇ ਦੱਸਿਆ,''ਜ਼ਰੂਰੀ ਰਸਮੀ ਕਾਰਵਾਈ ਤੋਂ ਬਾਅਦ ਉਨ੍ਹਾਂ ਨੂੰ ਰਿਹਾਅ ਕਰ ਦਿੱਤਾ ਗਿਆ।'' ਪਿਛਲੇ ਮਹੀਨੇ ਦਿੱਲੀ ਸਰਕਾਰ ਨੇ ਇਕ ਆਦੇਸ਼ ਜਾਰੀ ਕੀਤਾ ਸੀ ਅਤੇ ਕੋਰੋਨਾ ਵਾਇਰਸ ਸੰਕਰਮਣ ਕਾਰਨ ਜੇਲ੍ਹਾਂ 'ਚੋਂ ਭੀੜ ਘੱਟ ਕਰਨ ਲਈ ਅਜਿਹੇ ਕੈਦੀਆਂ ਨੂੰ 6 ਮਹੀਨੇ ਦੀ ਵਿਸ਼ੇਸ਼ ਛੋਟ ਦਿੱਤੀ ਸੀ, ਜਿਨ੍ਹਾਂ ਨੇ 10 ਸਾਲ ਦੀ ਆਪਣੀ ਸਜ਼ਾ ਦੇ ਸਾਢੇ 9 ਸਾਲ ਪੂਰੇ ਕਰ ਲਏ ਹਨ।
ਅਧਿਕਾਰੀਆਂ ਨੇ ਦੱਸਿਆ ਕਿ ਕਿਉਂਕਿ ਚੌਟਾਲਾ ਨੇ ਆਪਣੀ ਸਜ਼ਾ ਦੇ 9 ਸਾਲ 9 ਮਹੀਨੇ ਪੂਰੇ ਕਰ ਲਏ ਹਨ ਤਾਂ ਉਹ ਰਿਹਾਅ ਹੋਣਦੇ ਹੱਕਦਾਰ ਹਨ। ਦੱਸਣਯੋਗ ਹੈ ਕਿ ਚੌਟਾਲਾ ਨੂੰ ਅਧਿਆਪਕ ਭਰਤੀ ਘਪਲਾ ਮਾਮਲੇ 'ਚ 2013 ਨੂੰ ਜੇਲ੍ਹ ਦੀ ਸਜ਼ਾ ਹੋਈ ਸੀ। ਕੋਰੋਨਾ ਮਹਾਮਾਰੀ ਕਾਰਨ ਉਹ 26 ਮਾਰਚ 2020 ਤੋਂ ਐਮਰਜੈਂਸੀ ਪੈਰੋਲ 'ਤੇ ਸਨ ਅਤੇ ਉਨ੍ਹਾਂ ਨੇ 21 ਫਰਵਰੀ 2021 ਨੂੰ ਆਤਮਸਮਰਪਣ ਕਰਨਾ ਸੀ। ਇਕ ਸੀਨੀਅਰ ਜੇਲ੍ਹ ਅਧਿਕਾਰੀ ਨੇ ਪਹਿਲਾਂ ਦੱਸਿਆ ਸੀ ਕਿ ਹਾਈ ਕੋਰਟ ਨੇ ਉਨ੍ਹਾਂ ਦੀ ਪੈਰੋਲ ਵਧਾ ਦਿੱਤੀ ਹੈ। ਚੌਟਾਲਾ, ਉਨ੍ਹਾਂ ਦੇ ਬੇਟੇ ਅਜੇ ਚੌਟਾਲਾ ਅਤੇ 53 ਹੋਰ ਲੋਕਾਂ ਨੂੰ ਸਾਲ 2000 'ਚ 3,206 ਜੂਨੀਅਰ ਬੇਸਿਕ ਅਧਿਆਪਕਾਂ ਦੀ ਗੈਰ-ਕਾਨੂੰਨੀ ਤਰੀਕੇ ਨਾਲ ਭਰਤੀ ਮਾਮਲੇ 'ਚ ਦੋਸ਼ੀ ਠਹਿਰਾਉਂਦੇ ਹੋਏ ਸਜ਼ਾ ਸੁਣਾਈ ਗਈ ਸੀ। ਜਨਵਰੀ 2013 'ਚ ਸੀ.ਬੀ.ਆਈ. ਨੂੰ ਵਿਸ਼ੇਸ਼ ਅਦਾਲਤ 'ਚ ਇਨ੍ਹਾਂ ਸਾਰਿਆਂ ਨੂੰ ਵੱਖ-ਵੱਖ ਮਿਆਦ ਦੀ ਸਜ਼ਾ ਸੁਣਾਈ ਗਈ।