294 ਕਿਲੋਮੀਟਰ ਸਾਈਕਲ ਚਲਾ ਕੇ ਨਵੀਂ ਨਿਯੁਕਤੀ ਵਾਲੀ ਥਾਂ ਪੁੱਜਾ ਜੰਗਲਾਤ ਅਧਿਕਾਰੀ
Saturday, Apr 02, 2022 - 11:27 AM (IST)

ਮੁੰਬਈ (ਭਾਸ਼ਾ)– ਮਹਾਰਾਸ਼ਟਰ ’ਚ ਇਕ ਜੰਗਲਾਤ ਅਧਿਕਾਰੀ ਨੇ ਨਵਾਂ ਅਹੁਦਾ ਸੰਭਾਲਣ ਲਈ ਪੁਣੇ ਤੋਂ ਕੋਲਹਾਪੁਰ ਜਾਣ ਲਈ 294 ਕਿਲੋਮੀਟਰ ਤੱਕ ਦਾ ਲੰਬਾ ਸਫ਼ਰ ਕੀਤਾ। ਤੁਹਾਨੂੰ ਇਹ ਜਾਣ ਕੇ ਹੈਰਾਨੀ ਹੋਵੇਗੀ ਕਿ ਅਧਿਕਾਰੀ ਨੇ ਬੱਸ ਜਾਂ ਕਿਸੇ ਮੋਟਰ ਗੱਡੀ ’ਤੇ ਨਹੀਂ ਇਹ ਸਫ਼ਰ ਖ਼ੁਦ ਸਾਈਕਲ ਚਲਾ ਕੇ ਪੂਰਾ ਕੀਤਾ ਹੈ। ਉਨ੍ਹਾਂ ਨੇ ਵਾਤਾਵਰਣ ਸੁਰੱਖਿਆ ਅਤੇ ਜੰਗਲੀ ਜੀਵਨ ਸੁਰੱਖਿਆ ਦੇ ਮੁੱਦਿਆਂ ’ਤੇ ਨਵੀਂ ਮਿਸਾਲ ਕਾਇਮ ਕੀਤੀ। ਕੁਝ ਹੀ ਮਹੀਨੇ ਪਹਿਲਾਂ 59 ਸਾਲ ਦੇ ਹੋਏ ਜੰਗਲਾਤ ਅਧਿਕਾਰੀ ਨਾਨਾਸਾਹਿਬ ਲਾਡਕਟ ਬੁੱਧਵਾਰ ਨੂੰ ਕੜਕਦੀ ਧੁੱਪ ’ਚ ਸਾਈਕਲ ਚਲਾ ਕੇ ਘਾਟ ਖੇਤਰਾਂ ਤੋਂ ਹੁੰਦੇ ਹੋਏ 17 ਘੰਟਿਆਂ ’ਚ ਕੋਹਲਾਪੁਰ ਪਹੁੰਚੇ, ਜਿਨ੍ਹਾਂ ’ਚ ਉਨ੍ਹਾਂ ਨੇ 12 ਘੰਟੇ ਤੋਂ ਵੱਧ ਸਮਾਂ ਸਾਈਕਲ ਚਲਾਈ।
ਅਧਿਕਾਰੀ ਨੇ ਕਿਹਾ ਕਿ ਮੈਂ ਸ਼ੌਕ ਦੇ ਤੌਰ ’ਤੇ ਸਾਈਕਲ ਦਾ ਇਸਤੇਮਾਲ ਕਰਦਾ ਹਾਂ। ਇਸ ਤੋਂ ਪਹਿਲਾਂ ਮੈਂ ਇਕ ਦਿਨ ਵਿਚ ਕਦੇ 60 ਕਿਲੋਮੀਟਰ ਤੋਂ ਅੱਗੇ ਨਹੀਂ ਜਾ ਸਕਿਆ ਪਰ ਜਦੋਂ ਮੇਰਾ ਕੋਲਹਾਪੁਰ ਤਬਾਦਲਾ ਹੋ ਗਿਆ, ਤਾਂ ਮੈਂ ਪੂਰੀ ਦੂਰੀ ਉਹ ਵੀ ਇਕ ਦਿਨ ’ਚ ਸਾਈਕਲ ਤੋਂ ਤੈਅ ਕਰਨ ਦਾ ਫ਼ੈਸਲਾ ਕੀਤਾ। ਉਨ੍ਹਾਂ ਕਿਹਾ ਕਿ ਮੈਨੂੰ ਕੁਝ ਆਰਾਮ ਦੀ ਜ਼ਰੂਰਤ ਪਈ ਕਿਉਂਕਿ ਗਰਮੀ ਬਹੁਤ ਸੀ। ਪੁਣੇ ਅਤੇ ਸਤਾਰਾ ਜ਼ਿਲ੍ਹਿਆਂ ਖੰਬਾਤਾਕੀ ਘਾਟ ਬਹੁਤ ਹੀ ਚੁਣੌਤੀਪੂਰਨ ਸੀ ਪਰ ਮੈਂ ਉਸ ਨੂੰ ਵੀ ਪਾਰ ਕਰ ਗਿਆ।
ਬੁੱਧਵਾਰ ਦੇਰ ਸ਼ਾਮ ਨੂੰ ਕੋਲਹਾਪੁਰ ਪਹੁੰਚ ਕੇ ਲਾਡਕਟ ਨੇ ਸ਼ਹਯਾਦਰੀ ਬਾਘ ਸੁਰੱਖਿਆ ਖੇਤਰ ਦੇ ਡਾਇਰੈਕਟਰ ਦਾ ਅਹੁਦਾ ਸੰਭਾਲਿਆ। ਇਹ ਜੰਗਲੀ ਖੇਤਰ ਸਤਾਰਾ ਅਤੇ ਕੋਲਹਾਪੁਰ ’ਚ ਫੈਲਿਆ ਹੈ ਅਤੇ ਉਸ ’ਚ ਰਤਨਾਗਿਰੀ ਅਤੇ ਸਿੰਧੁਦੁਰਗ ਜ਼ਿਲ੍ਹਿਆਂ ਦੇ ਕੁਝ ਹਿੱਸੇ ਆਉਂਦੇ ਹਨ। ਲਾਡਕਟ ਨੇ ਕਿਹਾ ਕਿ ਸਾਈਕਲ ਚਲਾ ਕੇ ਆਉਣ ਦੀ ਇਸ ਕੋਸ਼ਿਸ਼ ਦੇ ਪਿੱਛੇ ਮੇਰਾ ਉਦੇਸ਼ ਜੰਗਲ ਨੂੰ ਬਚਾਉਣ ਦਾ ਸੰਦੇਸ਼ ਦੇਣਾ ਸੀ। ਇਹ ਬਹੁਤ ਜਟਿਲ ਅਤੇ ਸੰਵੇਦਨਸ਼ੀਲ ਮੁੱਦਾ ਹੈ। ਇਸ ਤਰ੍ਹਾਂ ਸਾਨੂੰ ਜੰਗਲਾਂ ਦੀ ਸੁਰੱਖਿਆ ਅਤੇ ਜੰਗਲ ਜੀਵਾਂ ਨੂੰ ਬਚਾਉਣ ਦੀ ਜ਼ਰੂਰਤ ਹੈ।