ਵਿਦੇਸ਼ੀਆਂ ਨੂੰ ਬਹੁਤ ਪਸੰਦ ਆ ਰਹੀ ਹੈ ਭਾਰਤ ਦੀ ਵਰਚੁਅਲ ਟੂਰ ਸੀਰੀਜ਼ ''ਦੇਖੋ ਆਪਣਾ ਦੇਸ਼''

Friday, Jul 17, 2020 - 06:48 PM (IST)

ਵਿਦੇਸ਼ੀਆਂ ਨੂੰ ਬਹੁਤ ਪਸੰਦ ਆ ਰਹੀ ਹੈ ਭਾਰਤ ਦੀ ਵਰਚੁਅਲ ਟੂਰ ਸੀਰੀਜ਼ ''ਦੇਖੋ ਆਪਣਾ ਦੇਸ਼''

ਨਵੀਂ ਦਿੱਲੀ — ਸਰਕਾਰ ਵਲੋਂ ਸ਼ੁਰੂ ਕੀਤੀ ਗਈ ਵਰਚੁਅਲ ਟੂਰ ਲੜੀ ਨੂੰ ਸਿਰਫ ਭਾਰਤ ਹੀ ਨਹੀਂ ਸਗੋਂ ਪੂਰੀ ਦੁਨੀਆ ਦੇ ਲੋਕਾਂ ਨੇ ਪਸੰਦ ਕੀਤਾ ਅਤੇ ਵੇਖਿਆ ਹੈ। ਕੋਰੋਨਾ ਸੰਕਟ ਕਾਰਨ ਟੂਰਿਜ਼ਮ ਨਾਲ ਜੁੜੀਆਂ ਗਤੀਵਿਧੀਆਂ ਪੂਰੀ ਦੁਨੀਆਂ ਵਿਚ ਰੁਕ ਗਈਆਂ ਹਨ। ਅਜਿਹੀ ਸਥਿਤੀ ਵਿਚ ਤਾਲਾਬੰਦੀ ਦੇ ਸ਼ੁਰੂਆਤੀ ਪੜਾਅ ਵਿਚ ਭਾਰਤ ਸਰਕਾਰ ਨੇ ਲੋਕਾਂ ਨੂੰ ਘਰ ਬੈਠੇ ਦੇਸ਼ ਦਾ ਵਰਚੁਅਲ ਟੂਰ ਮੁਹੱਈਆ ਕਰਵਾਉਣਾ ਸ਼ੁਰੂ ਕੀਤਾ। ਸੈਰ-ਸਪਾਟਾ ਮੰਤਰਾਲੇ ਨੇ ਇਸ ਦੀ ਸ਼ੁਰੂਆਤ ਡਿਜੀਟਲ ਰੂਪ ਵਿਚ 'ਵੇਖੋ ਆਪਣਾ ਦੇਸ਼' ਸਕੀਮ ਪੇਸ਼ ਕਰਕੇ ਕੀਤੀ। ਦੇਸ਼ ਵਾਸੀਆਂ ਦੇ ਨਾਲ-ਨਾਲ ਵਿਦੇਸ਼ੀਆਂ ਨੇ ਵੀ ਭਾਰਤ ਦੇ ਇਸ ਵਰਚੁਅਲ ਦੌਰੇ ਵਿਚ ਬਹੁਤ ਦਿਲਚਸਪੀ ਦਿਖਾਈ।

ਦਰਅਸਲ ਸੈਰ-ਸਪਾਟਾ ਮੰਤਰਾਲਾ ਇਹ ਵਰਚੁਅਲ ਟੂਰ ਵੈਬਿਨਾਰਸ ਰਾਹੀਂ ਕਰਵਾਉਂਦਾ ਹੈ, ਜਿਸ ਨੂੰ ਫੇਸਬੁੱਕ ਅਤੇ ਇੰਸਟਾਗ੍ਰਾਮ ਵਰਗੇ ਸੋਸ਼ਲ ਮੀਡੀਆ ਪਲੇਟਫਾਰਮਾਂ ਤੋਂ ਇਲਾਵਾ ਯੂ-ਟਿਊਬ 'ਤੇ ਦੇਖਿਆ ਜਾ ਸਕਦਾ ਹੈ। ਸੋਮਵਾਰ ਤੱਕ ਇਸ ਦੇ 39 ਐਪੀਸੋਡ ਆ ਚੁੱਕੇ ਹਨ। ਇਹ ਵਰਚੁਅਲ ਟੂਰ ਸੀਰੀਜ਼ ਵਿਦੇਸ਼ਾਂ ਵਿਚ ਵੀ ਵੇਖੀ ਗਈ। ਜ਼ਿਆਦਾਤਰ ਇਸ ਨੂੰ ਨਾਈਜੀਰੀਆ ਅਤੇ ਯੂ.ਕੇ ਵਿਚ ਦੇਖਿਆ ਗਿਆ। ਮੰਤਰਾਲੇ ਨਾਲ ਜੁੜੇ ਸੂਤਰਾਂ ਅਨੁਸਾਰ ਇਸ ਦੇ 27 ਐਪੀਸੋਡ ਨੂੰ 1,19,207 ਦਰਸ਼ਕਾਂ ਨੇ ਵੇਖਿਆ। ਇਸ ਦੇ ਲਗਭਗ 43,500 ਲਾਈਵ ਵਿਊਜ਼ ਅਤੇ ਯੂਟਿਊਬ 'ਤੇ 75,600 ਵਿਊਜ਼ ਸਨ। ਸਿਰਫ ਇਹ ਹੀ ਨਹੀਂ ਇਸ ਸਮੇਂ ਦੌਰਾਨ ਇਸ ਨੇ 60 ਦੇਸ਼ਾਂ ਵਿਚ ਆਪਣੀ ਪਹੁੰਚ ਬਣਾਈ।

ਭਾਰਤ ਤੋਂ ਇਲਾਵਾ ਇਸ ਦੇ ਦਰਸ਼ਕ , ਨਾਈਜੀਰੀਆ, ਯੂ.ਕੇ, ਯੂ.ਐਸ, ਕੈਨੇਡਾ, ਫਰਾਂਸ, ਆਸਟਰੇਲੀਆ, ਇਟਲੀ, ਸਪੇਨ, ਜਰਮਨੀ ਤੋਂ ਯੂਏਈ ਅਤੇ ਪਾਕਿਸਤਾਨ ਸ਼ਾਮਲ ਹਨ। ਸੂਤਰਾਂ ਅਨੁਸਾਰ ਵਿਦੇਸ਼ਾਂ ਤੋਂ ਆਏ ਫੀਡਬੈਕ ਦੇ ਮੱਦੇਨਜ਼ਰ ਹੁਣ ਸਰਕਾਰ ਵਿਦੇਸ਼ੀ ਸੈਲਾਨੀਆਂ ਨੂੰ ਲੁਭਾਉਣ ਦੀ ਆਪਣੀ ਰਣਨੀਤੀ 'ਤੇ ਮੁੜ ਵਿਚਾਰ ਕਰੇਗੀ। ਦੱਸ ਦੇਈਏ ਕਿ ਅਪ੍ਰੈਲ ਦੇ ਮਹੀਨੇ ਵਿਚ ਭਾਰਤ ਸਰਕਾਰ ਦੇ ਸੈਰ-ਸਪਾਟਾ ਮੰਤਰਾਲੇ ਨੇ 'ਵੇਖੋ ਆਪਣਾ ਦੇਸ਼' ਨਾਮ ਦਾ ਇਕ ਵੈਬਿਨਾਰ  ਸ਼ੁਰੂ ਕੀਤਾ ਹੈ। ਮਾਹਰ ਇਸ ਸ਼ੋਅ ਦੀ ਮੇਜ਼ਬਾਨੀ ਕਰਦੇ ਹਨ ਅਤੇ ਦੇਸ਼ ਦੇ ਕਈ ਮਸ਼ਹੂਰ ਸਥਾਨਾਂ ਬਾਰੇ ਦੱਸਦੇ ਹਨ।
 


author

Harinder Kaur

Content Editor

Related News