ਬੂਟ ''ਤੇ ਥੁੱਕ ਕੇ ਚੱਟਣ ਨੂੰ ਕੀਤਾ ਮਜ਼ਬੂਰ, ਦੁਖੀ ਸ਼ਖਸ ਨੇ ਦਿੱਤੀ ਜਾਨ

02/12/2018 5:55:09 PM

ਮੁੰਬਈ— ਚਾਰ ਵਿਅਕਤੀਆਂ ਵੱਲੋਂ ਹਮਲਾ ਕੀਤੇ ਜਾਣ ਅਤੇ ਇਨ੍ਹਾਂ 'ਚੋਂ ਇਕ ਦੋਸ਼ੀ ਦੇ ਬੂਟ 'ਤੇ ਥੁੱਕ ਚੱਟਣ ਲਈ ਮਜ਼ਬੂਰ ਕੀਤੇ ਜਾਣ ਤੋਂ ਬਾਅਦ 35 ਸਾਲਾ ਇਕ ਵਿਅਕਤੀ ਨੇ ਕਥਿਤ ਤੌਰ 'ਤੇ ਖੁਦਕੁਸ਼ੀ ਕਰ ਲਈ। ਇਕ ਪੁਲਸ ਅਧਿਕਾਰੀ ਨੇ ਸੋਮਵਾਰ ਨੂੰ ਦੱਸਿਆ ਕਿ ਪੁਰਾਣੀ ਰੰਜਿਸ਼ ਕਾਰਨ ਸ਼ੁੱਕਰਵਾਰ ਦੀ ਰਾਤ ਦੱਖਣੀ ਮੁੰਬਈ ਦੇ ਕਫ ਪਰੇਡ ਇਲਾਕੇ 'ਚ ਇਕ ਬਾਜ਼ਾਰ ਨੇੜੇ ਚਾਰ ਲੋਕਾਂ ਨੇ ਕਾਸਿਮ ਸ਼ੇਖ 'ਤੇ ਹਮਲਾ ਕੀਤਾ। ਦੱਸਿਆ ਗਿਆ ਕਿ ਘਟਨਾ ਦੌਰਾਨ ਇਕ ਦੋਸ਼ੀ ਨੇ ਆਪਣੇ ਬੂਟ 'ਤੇ ਥੁੱਕ ਦਿੱਤਾ ਅਤੇ ਸ਼ੇਖ ਨੂੰ ਇਸ ਨੂੰ ਚੱਟਣ 'ਤੇ ਮਜ਼ਬੂਰ ਕੀਤਾ। ਅਧਿਕਾਰੀ ਨੇ ਦੱਸਿਆ ਕਿ ਸ਼ੇਖ ਨੇ ਹਮਲਾਵਰਾਂ ਦੇ ਚੰਗੁਲ ਤੋਂ ਖੁਦ ਨੂੰ ਛੁਡਵਾਇਆ ਅਤੇ ਅਪਮਾਨ ਦਾ ਬੋਝ ਸਹਿਨ ਨਾ ਕਰ ਸਕਣ ਕਾਰਨ ਉਸ ਨੇ ਸ਼ਨੀਵਾਰ ਦੀ ਸਵੇਰ ਕਫ ਪਰੇਡ ਇਲਾਕੇ 'ਚ ਸਥਿਤ ਆਪਣੇ ਘਰ 'ਚ ਫਾਹਾ ਲਾ ਕੇ ਖੁਦਕੁਸ਼ੀ ਕਰ ਲਈ।
ਉਨ੍ਹਾਂ ਨੇ ਦੱਸਿਆ ਕਿ ਪੁਲਸ ਨੇ ਸ਼ੇਖ ਦੇ ਘਰੋਂ ਇਕ ਸੁਸਾਈਡ ਨੋਟ ਬਰਾਮਦ ਕੀਤਾ, ਜਿਸ 'ਚ ਉਸ ਨੇ ਚਾਰੇ ਹਮਲਾਵਰਾਂ ਦਾ ਨਾਂ ਲਿਆ ਅਤੇ ਇਸ ਕਦਮ ਲਈ ਉਨ੍ਹਾਂ ਨੂੰ ਜ਼ਿੰਮੇਵਾਰ ਠਹਿਰਾਇਆ ਹੈ। ਅਧਿਕਾਰੀ ਨੇ ਦੱਸਿਆ ਕਿ ਸੁਸਾਈਡ ਨੋਟ ਦੇ ਆਧਾਰ 'ਤੇ ਪੁਲਸ ਨੇ ਇਸਮਾਈਲ ਸ਼ੇਖ (47), ਅਕਬਰ ਸ਼ੇਖ (35), ਕਰੀਆ ਪਾਵਸੇ (35) ਅਤੇ ਅਫਜ਼ਲ ਕੁਰੈਸ਼ੀ (44) ਨੂੰ ਸ਼ਨੀਵਾਰ ਦੀ ਸ਼ਾਮ ਗ੍ਰਿਫਤਾਰ ਕਰ ਲਿਆ। ਦੋਸ਼ੀਆਂ ਦੇ ਖਿਲਾਫ ਆਈ.ਪੀ. ਦੀ ਧਾਰਾ 306 (ਖੁਦਕੁਸ਼ੀ ਲਈ ਉਕਸਾਉਣ) ਦੇ ਅਧੀਨ ਮਾਮਲਾ ਦਰਜ ਕੀਤਾ ਗਿਆ ਹੈ। ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ।


Related News