ਫੁੱਟਪਾਊ ਤਾਕਤਾਂ ਖਰਾਬ ਕਰ ਰਹੀਆਂ ਨੇ ਦੇਸ਼ ਦਾ ਅਕਸ : ਰਾਹੁਲ

09/22/2017 9:35:57 AM

ਨਿਊਯਾਰਕ (ਯੂ. ਐੱਨ.ਆਈ.)— ਕਾਂਗਰਸ ਦੇ ਉਪ ਪ੍ਰਧਾਨ ਰਾਹੁਲ ਗਾਂਧੀ ਨੇ ਰਾਸ਼ਟਰੀ ਸਵੈ ਸੇਵਕ ਸੰਘ ਅਤੇ ਭਾਜਪਾ 'ਤੇ ਲੁਕਵੇਂ ਢੰਗ ਨਾਲ ਨਿਸ਼ਾਨਾ ਲਾਉਂਦਿਆਂ ਕਿਹਾ ਹੈ ਕਿ ਕੁਝ ਤਾਕਤਾਂ ਸਦੀਆਂ ਤੋਂ ਭਾਰਤ ਦੀ ਪਛਾਣ ਰਹੀ ਸ਼ਾਂਤੀਪੂਰਨ ਸਹਿਹੋਂਦ ਅਤੇ ਭਾਈਚਾਰਕ ਸਾਂਝ ਨੂੰ ਚੁਣੌਤੀ ਦੇ ਕੇ ਦੇਸ਼ ਨੂੰ ਵੰਡਣ 'ਚ ਲੱਗੀਆਂ ਹਨ, ਜੋ ਬਹੁਤ ਹੀ ਖਤਰਨਾਕ ਹੈ ਅਤੇ ਇਸ ਨਾਲ ਦੇਸ਼ ਦਾ ਅਕਸ ਖਰਾਬ ਹੋ ਰਿਹਾ ਹੈ। ਅਮਰੀਕਾ ਦੇ 2 ਹਫਤਿਆਂ ਦੇ ਦੌਰੇ 'ਤੇ ਆਏ ਸ਼੍ਰੀ ਗਾਂਧੀ ਨੇ ਨਿਊਯਾਰਕ 'ਚ ਇੰਡੀਅਨ ਓਵਰਸੀਜ਼ ਕਾਂਗਰਸ ਵੱਲੋਂ ਉਨ੍ਹਾਂ ਦੇ ਸਵਾਗਤ 'ਚ ਆਯੋਜਿਤ ਪ੍ਰੋਗਰਾਮ ਵਿਚ ਆਪਣੇ ਸੰਬੋਧਨ 'ਚ ਕਿਹਾ ਕਿ ਇਸ ਨਾਲ ਵਿਦੇਸ਼ਾਂ 'ਚ ਵੀ ਭਾਰਤ ਦਾ ਅਕਸ ਖਰਾਬ ਹੋ ਰਿਹਾ ਹੈ। ਉਨ੍ਹਾਂ ਇਨ੍ਹਾਂ ਫੁੱਟਪਾਊ ਤਾਕਤਾਂ ਦਾ ਮੁਕਾਬਲਾ ਕਰਨ ਦਾ ਸੱਦਾ ਦਿੱਤਾ।
ਹਾਲਾਂਕਿ ਉਨ੍ਹਾਂ ਨੇ ਇਸ ਸੰਬੋਧਨ 'ਚ ਕਿਸੇ ਸੰਗਠਨ ਦਾ ਨਾਂ ਨਹੀਂ ਲਿਆ ਪਰ ਉਹ ਅਕਸਰ ਰਾਸ਼ਟਰੀ ਸਵੈ ਸੇਵਕ ਸੰਘ ਅਤੇ ਭਾਜਪਾ 'ਤੇ ਦੇਸ਼ ਨੂੰ ਵੰਡਣ ਦਾ ਦੋਸ਼ ਲਾਉਂਦੇ ਰਹੇ ਹਨ। ਸ਼੍ਰੀ ਗਾਂਧੀ ਨੇ ਕਿਹਾ ਕਿ ਭਾਰਤ ਨੇ ਹਮੇਸ਼ਾ ਹੀ ਦੁਨੀਆ ਨੂੰ ਭਾਈਚਾਰਕ ਸਾਂਝ ਨਾਲ ਜਿਊਣ ਦਾ ਤਰੀਕਾ ਸਿਖਾਇਆ ਹੈ। ਅੱਜ ਦੀ ਹਿੰਸਕ ਹੋ ਚੁੱਕੀ ਦੁਨੀਆ 'ਚ ਕਈ ਦੇਸ਼ ਭਾਰਤ ਵੱਲ ਇਸ ਆਸ ਨਾਲ ਦੇਖ ਰਹੇ ਹਨ ਕਿ 21ਵੀਂ ਸਦੀ 'ਚ ਸ਼ਾਂਤੀਪੂਰਨ ਸਹਿਹੋਂਦ ਦਾ ਜਵਾਬ ਉਸ ਦੇ ਕੋਲ ਹੋ ਸਕਦਾ ਹੈ।
ਪੀ. ਐੱਮ. ਓ. 'ਚ ਟਾਈਪ ਰਾਈਟਰ ਦੀ ਥਾਂ ਕੰਪਿਊਟਰ ਦੇ ਦੌਰ ਨੂੰ ਕੀਤਾ ਯਾਦ
ਰਾਹੁਲ ਗਾਂਧੀ ਨੇ ਵੀਰਵਾਰ ਨੂੰ ਕਿਹਾ ਕਿ ਭਾਰਤੀਆਂ ਨੂੰ ਇਕ ਨਵਾਂ ਵਿਚਾਰ ਅਪਣਾਉਣ 'ਚ ਸਮਾਂ ਲੱਗਦਾ ਹੈ ਪਰ ਜਦੋਂ ਉਹ ਉਸ ਨੂੰ ਸਮਝ ਜਾਂਦੇ ਹਨ ਤਾਂ ਉਸ ਨੂੰ ਤੁਰੰਤ ਅਪਣਾ ਲੈਂਦੇ ਹਨ। ਰਾਹੁਲ ਨੇ ਉਨ੍ਹਾਂ ਦਿਨਾਂ ਨੂੰ ਯਾਦ ਕਰਦਿਆਂ ਇਹ ਗੱਲ ਕਹੀ ਜਦੋਂ 80 ਦੇ ਦਹਾਕੇ ਦੀ ਸ਼ੁਰੂਆਤ ਵਿਚ ਉਨ੍ਹਾਂ ਦੇ ਪਿਤਾ ਨੂੰ ਪ੍ਰਧਾਨ ਮੰਤਰੀ ਦਫਤਰ ਵਿਚ ਕੰਪਿਊਟਰ ਨਾਲ ਕੰਮਕਾਜ ਦੀ ਸ਼ੁਰੂਆਤ ਕਰਨ 'ਚ ਕਾਫੀ ਵਿਰੋਧ ਦਾ ਸਾਹਮਣਾ ਕਰਨਾ ਪਿਆ ਸੀ।


Related News