''ਜ਼ੋਮੈਟੋ'' ਲਈ ਕੰਮ ਕਰਨ ਵਾਲੀ ਮੇਘਨਾ ਦਾਸ ਦਾ ਸੁਪਨਾ ਹੋਇਆ ਪੂਰਾ, ਲੜੇਗੀ ਚੋਣ
Sunday, Nov 10, 2019 - 05:08 PM (IST)
ਕਰਨਾਟਕ— ਕਰਨਾਟਕ 'ਚ ਜ਼ੋਮੈਟੋ ਲਈ ਕੰਮ ਕਰਨ ਵਾਲੀ ਡਿਲਿਵਰੀ ਐਕਜ਼ਕਿਊਟਿਵ ਮੇਘਨਾ ਦਾਸ ਮੰਗਲੁਰੂ ਸਿਟੀ ਕਾਰਪੋਰੇਸ਼ਨ (ਸ਼ਹਿਰੀ ਨਗਰ ਨਿਗਮ) ਦੀਆਂ ਚੋਣਾਂ ਲੜੇਗੀ। ਮੇਘਨਾ ਨੇ ਆਪਣੇ ਕਰੀਅਰ ਦੀ ਸ਼ੁਰੂਆਤ ਇਕ ਟੈਕਨੀਕਲ ਐਕਜ਼ਕਿਊਟਿਵ ਦੇ ਤੌਰ 'ਤੇ ਕੀਤੀ ਸੀ ਅਤੇ ਬਾਅਦ ਵਿਚ ਉਨ੍ਹਾਂ ਨੇ ਜ਼ੋਮੈਟੋ ਲਈ ਫੂਡ ਡਿਲਿਵਰੀ ਏਜੰਟ ਦੇ ਤੌਰ 'ਤੇ ਕੰਮ ਕਰਨਾ ਸ਼ਰੂ ਕੀਤਾ ਪਰ ਹੁਣ ਉਨ੍ਹਾਂ ਨੇ ਇਹ ਕੰਮ ਨੂੰ ਛੱਡ ਕੇ ਰਾਜਨੀਤੀ ਵਿਚ ਕਦਮ ਰੱਖਿਆ ਹੈ।
ਇਕ ਨਿਊਜ਼ ਏਜੰਸੀ ਨਾਲ ਗੱਲਬਾਤ ਕਰਦੇ ਹੋਏ ਮੇਘਨਾ ਨੇ ਕਿਹਾ ਕਿ ਮੈਂ ਸੜਕਾਂ ਦੀ ਖਸਤਾ ਹਾਲਤ ਦੀ ਵਜ੍ਹਾ ਤੋਂ ਡਿੱਗ ਗਈ ਸੀ। ਇਸ ਦੇ ਨਾਲ ਹੀ ਇੱਥੇ ਸੁਰੱਖਿਆ ਵੀ ਇਕ ਵੱਡਾ ਮੁੱਦਾ ਹੈ। ਉਨ੍ਹਾਂ ਕਿਹਾ ਕਿ ਮੈਂ ਇਸ ਪਰੇਸ਼ਾਨੀ ਨੂੰ ਚੰਗੀ ਤਰ੍ਹਾਂ ਨਾਲ ਸਮਝਦੀ ਹਾਂ, ਕਿਉਂਕਿ ਮੈਂ ਰੋਜ਼ਾਨਾ ਬਹੁਤ ਸਫਰ ਕਰਦੀ ਹਾਂ ਅਤੇ ਮੈਨੂੰ ਵਿਸ਼ਵਾਸ ਹੈ ਕਿ ਮੈਂ ਲੋਕਾਂ ਦੀ ਚੰਗੀ ਤਰ੍ਹਾਂ ਨਾਲ ਸੇਵਾ ਕਰ ਸਕਦੀ ਹਾਂ।
ਮੇਘਨਾ ਨੇ ਅੱਗੇ ਕਿਹਾ ਕਿ ਮੈਂ ਕਾਂਗਰਸ ਪਾਰਟੀ ਦੀ ਟਿਕਟ ਤੋਂ ਮੰਨਾਗੁੱਡਾ ਵਾਰਡ ਨੰਬਰ-28 ਤੋਂ ਚੋਣ ਲੜ ਰਹੀ ਹਾਂ। ਮੈਨੂੰ ਬਿਲਕੁੱਲ ਵੀ ਉਮੀਦ ਨਹੀਂ ਸੀ ਕਿ ਮੈਨੂੰ ਇਹ ਟਿਕਟ ਮਿਲੇਗੀ ਪਰ ਇਹ ਸੰਭਵ ਹੋਇਆ। ਮੇਰਾ ਸੁਪਨਾ ਪੂਰਾ ਹੋਇਆ ਹੈ। ਮੈਂ ਆਪਣੇ ਵਾਰਡ 'ਚ ਬਹੁਤ ਪਰੇਸ਼ਾਨੀ ਦੇਖੀਆਂ ਹਨ, ਮੈਂ ਬਸ ਇੰਨਾ ਹੀ ਚਾਹੁੰਦੀ ਹਾਂ ਕਿ ਸਭ ਕੁਝ ਠੀਕ ਹੋਵੇ।
ਦੱਸਣਯੋਗ ਹੈ ਕਿ ਮੇਘਨਾ ਨੇ 31 ਅਕਤੂਬਰ ਨੂੰ ਕਾਂਗਰਸ ਉਮੀਦਵਾਰ ਦੇ ਤੌਰ 'ਤੇ ਆਪਣੀ ਨਾਮਜ਼ਦਗੀ ਪੱਤਰ ਦਾਖਲ ਕੀਤਾ ਹੈ। ਇਸ ਦੇ ਨਾਲ ਹੀ ਉਨ੍ਹਾਂ ਨੇ ਆਪਣੇ ਸਮਰਥਕਾਂ ਨਾਲ ਵਾਰਡ 'ਚ ਚੋਣ ਪ੍ਰਚਾਰ ਵੀ ਸ਼ੁਰੂ ਕਰ ਦਿੱਤਾ ਹੈ। ਮੇਘਨਾ ਨੂੰ ਵਿਸ਼ਵਾਸ ਹੈ ਕਿ ਉਹ ਚੋਣ ਜ਼ਰੂਰ ਜਿੱਤੇਗੀ।