ਲਖਨਊ ਏਅਰਪੋਰਟ ਕਰਵਾਇਆ ਗਿਆ ਖਾਲੀ; ਮਚੀ ਹਫੜਾ-ਦਫੜੀ, ਜਾਣੋ ਪੂਰਾ ਮਾਮਲਾ
Saturday, Aug 17, 2024 - 03:46 PM (IST)
ਲਖਨਊ- ਉੱਤਰ ਪ੍ਰਦੇਸ਼ ਦੀ ਰਾਜਧਾਨੀ ਲਖਨਊ ਦੇ ਚੌਧਰੀ ਚਰਨ ਸਿੰਘ ਅੰਤਰਰਾਸ਼ਟਰੀ ਹਵਾਈ ਅੱਡੇ 'ਤੇ ਸ਼ਨੀਵਾਰ ਨੂੰ ਦਵਾਈ ਦੀ ਪੈਕਿੰਗ 'ਚ ਫਲੋਰੀਨ ਗੈਸ ਲੀਕ ਹੋਣ ਕਾਰਨ ਕੁਝ ਸਮੇਂ ਲਈ ਹਫੜਾ-ਦਫੜੀ ਦਾ ਮਾਹੌਲ ਬਣ ਗਿਆ। ਹਵਾਈ ਅੱਡੇ ਦੇ ਸੂਤਰਾਂ ਅਨੁਸਾਰ ਅੱਜ ਸਵੇਰੇ ਹਵਾਈ ਅੱਡੇ ਦੇ ਟਰਮੀਨਲ 3 'ਤੇ ਕਾਰਗੋ ਖੇਤਰ ਵਿਚ ਫਲੋਰੀਨ ਗੈਸ ਦੇ ਲੀਕ ਹੋਣ ਦੀ ਸੂਚਨਾ ਮਿਲਣ ਤੋਂ ਬਾਅਦ ਫਾਇਰ ਵਿਭਾਗ, NDRF ਅਤੇ SDRF ਨੂੰ ਸੂਚਿਤ ਕੀਤਾ ਗਿਆ। ਤਿੰਨੋਂ ਟੀਮਾਂ ਵੱਲੋਂ ਕੀਤੀ ਗਈ ਜਾਂਚ 'ਚ ਸਾਹਮਣੇ ਆਇਆ ਕਿ ਕੁਝ ਦਵਾਈਆਂ ਦੀ ਪੈਕਿੰਗ ਵਿਚੋਂ ਫਲੋਰੀਨ ਲੀਕ ਹੋ ਰਹੀ ਸੀ। ਸੁਰੱਖਿਆ ਬਲਾਂ ਨੇ ਤੁਰੰਤ ਸਥਿਤੀ 'ਤੇ ਕਾਬੂ ਪਾ ਲਿਆ।
ਅਧਿਕਾਰੀਆਂ ਨੇ ਦੱਸਿਆ ਕਿ ਫਲੋਰੀਨ ਗੈਸ ਦੇ ਲੀਕ ਹੋਣ ਦੀ ਸੂਚਨਾ ਮਿਲਦਿਆਂ ਹੀ ਕਾਰਗੋ ਖੇਤਰ ਨੂੰ ਖਾਲੀ ਕਰਵਾ ਲਿਆ ਗਿਆ। ਦਰਅਸਲ ਚੈਕਿੰਗ ਦੌਰਾਨ ਇਕ ਡੱਬੇ ਵਿਚੋਂ ਬੀਪ ਸੁਣਾਈ ਦਿੱਤੀ। ਜਦੋਂ ਡੱਬਾ ਖੋਲ੍ਹਿਆ ਗਿਆ ਤਾਂ ਉਸ ਵਿਚ ਕੈਂਸਰ ਦੀ ਦਵਾਈ ਸੀ। ਇਸ ਵਿਚੋਂ ਇੱਕ ਪਦਾਰਥ ਲੀਕ ਹੋਇਆ, ਜਿਸ ਨੂੰ ਫਲੋਰੀਨ ਗੈਸ ਦੱਸੀ ਗਈ ਸੀ। ਹਾਲਾਂਕਿ ਇਸ ਦੀ ਅਧਿਕਾਰਤ ਪੁਸ਼ਟੀ ਨਹੀਂ ਹੋਈ ਹੈ। ਸੂਤਰਾਂ ਮੁਤਾਬਕ ਕੈਂਸਰ ਦੇ ਮਰੀਜ਼ਾਂ ਨੂੰ ਰੇਡੀਓਥੈਰੇਪੀ ਦੇਣ ਵਿਚ ਫਲੋਰੀਨ ਦੀ ਵਰਤੋਂ ਕੀਤੀ ਜਾਂਦੀ ਹੈ।
ਕੈਂਸਰ ਦੀਆਂ ਦਵਾਈਆਂ ਏਅਰਪੋਰਟ 'ਤੇ ਕਾਰਗੋ ਰਾਹੀਂ ਇਕ ਸ਼ਹਿਰ ਤੋਂ ਦੂਜੇ ਸ਼ਹਿਰ ਪਹੁੰਚਾਈਆਂ ਜਾਂਦੀਆਂ ਹਨ। ਅੱਜ ਮਾਤਰਾ ਜ਼ਿਆਦਾ ਹੋਣ ਕਾਰਨ ਮਸ਼ੀਨ ਨੇ ਡਿਟੈਕਟ ਕੀਤਾ ਅਤੇ ਅਲਾਰਮ ਵੱਜਣ ਲੱਗਾ। ਫਿਲਹਾਲ ਹਵਾਈ ਅੱਡੇ 'ਤੇ ਸਥਿਤੀ ਪੂਰੀ ਤਰ੍ਹਾਂ ਨਾਲ ਆਮ ਵਾਂਗ ਹੈ। ਉਨ੍ਹਾਂ ਕਿਹਾ ਕਿ ਇਸ ਘਟਨਾ ਵਿਚ ਕੋਈ ਵੀ ਮੁਲਾਜ਼ਮ ਬੇਹੋਸ਼ ਨਹੀਂ ਹੋਇਆ ਅਤੇ ਨਾ ਹੀ ਕਿਸੇ ਦੀ ਸਿਹਤ ਖ਼ਰਾਬ ਹੋਈ ਹੈ। ਹਵਾਈ ਅੱਡੇ 'ਤੇ ਯਾਤਰੀਆਂ ਦੀ ਆਵਾਜਾਈ ਨਿਰਵਿਘਨ ਜਾਰੀ ਹੈ।