ਆਸਾਮ ''ਚ ਹੜ੍ਹ ਦੀ ਸਥਿਤੀ ''ਚ ਹੋ ਰਿਹੈ ਸੁਧਾਰ, 12,929 ਬੇਘਰ ਲੋਕਾਂ ਨੇ ਰਾਹਤ ਕੈਂਪਾਂ ''ਚ ਲਈ ਸ਼ਰਨ

Friday, Jul 19, 2024 - 01:38 PM (IST)

ਗੁਹਾਟੀ- ਆਸਾਮ ਵਿਚ ਹੜ੍ਹ ਦੀ ਸਥਿਤੀ 'ਚ ਸ਼ੁੱਕਰਵਾਰ ਨੂੰ ਸੁਧਾਰ ਹੋਇਆ ਅਤੇ ਸੂਬੇ ਦੇ ਵੱਖ-ਵੱਖ ਹਿੱਸਿਆਂ ਵਿਚ ਪਾਣੀ ਦਾ ਪੱਧਰ ਘੱਟ ਰਿਹਾ ਹੈ। ਅਧਿਕਾਰੀਆਂ ਨੇ ਇਹ ਜਾਣਕਾਰੀ ਦਿੱਤੀ। ਖੇਤਰੀ ਮੌਸਮ ਵਿਗਿਆਨ ਕੇਂਦਰ ਨੇ ਦਿਨ ਵਿਚ ਪੱਛਮੀ ਜ਼ਿਲ੍ਹਿਆਂ ਨੂੰ ਛੱਡ ਕੇ ਸੂਬੇ ਦੇ ਜ਼ਿਆਦਾਤਰ ਹਿੱਸਿਆਂ ਵਿਚ ਮੀਂਹ ਨਾ ਪੈਣ ਦਾ ਅਨੁਮਾਨ ਜਤਾਇਆ ਹੈ। ਆਸਾਮ ਸੂਬਾ ਆਫ਼ਤ ਪ੍ਰਬੰਧਨ ਅਥਾਰਟੀ ਦੀ ਵੀਰਵਾਰ ਦੀ ਰਾਤ ਇਕ ਰਿਪੋਰਟ ਮੁਤਾਬਕ 13 ਜ਼ਿਲ੍ਹਿਆਂ ਦੇ 31 ਮਾਲ ਖੇਤਰ ਅਧੀਨ 695 ਪਿੰਡਾਂ ਦੇ 2,72,037 ਲੋਕ ਅਜੇ ਵੀ ਹੜ੍ਹਾਂ ਤੋਂ ਪ੍ਰਭਾਵਿਤ ਹਨ।

ਕਾਮਰੂਪ, ਮੋਰੀਗਾਂਵ, ਡਿਬਰੂਗੜ੍ਹ, ਗੋਲਾਘਾਟ, ਗੋਲਪਾੜਾ, ਸ਼ਿਵਸਾਗਰ, ਕਛਾਰ, ਧੂਬਰੀ, ਕਰੀਮਗੰਜ, ਨਲਬਾੜੀ, ਨਗਾਓਂ, ਧੇਮਾਜੀ ਅਤੇ ਕਾਮਰੂਪ ਮਹਾਨਗਰ ਜ਼ਿਲ੍ਹੇ ਹੜ੍ਹ ਨਾਲ ਪ੍ਰਭਾਵਿਤ ਹਨ। ਇਕ ਅਧਿਕਾਰੀ ਨੇ ਕਿਹਾ ਕਿ ਸਾਨੂੰ ਸੂਬੇ 'ਚ ਮੋਹਲੇਧਾਰ ਮੀਂਹ ਦੀ ਉਮੀਦ ਨਹੀਂ ਹੈ। ਕਈ ਥਾਵਾਂ 'ਤੇ ਪਾਣੀ ਦਾ ਪੱਧਰ ਵੀ ਘੱਟ ਰਿਹਾ ਹੈ। ਸਾਨੂੰ ਉਮੀਦ ਹੈ ਕਿ ਸਥਿਤੀ ਜਲਦੀ ਹੀ ਆਮ ਵਾਂਗ ਹੋ ਜਾਵੇਗੀ।

ਇਸ ਸਮੇਂ 12,929 ਬੇਘਰ ਹੋਏ ਲੋਕ 62 ਰਾਹਤ ਕੈਂਪਾਂ ਵਿਚ ਸ਼ਰਨ ਲੈ ਰਹੇ ਹਨ। ਹੋਰ 14 ਰਾਹਤ ਵੰਡ ਕੇਂਦਰਾਂ ਤੋਂ 17,341 ਪ੍ਰਭਾਵਿਤ ਲੋਕਾਂ ਨੂੰ ਰਾਹਤ ਪ੍ਰਦਾਨ ਕੀਤੀ ਜਾ ਰਹੀ ਹੈ। ਸੂਬੇ 'ਚ 13,804.34 ਹੈਕਟੇਅਰ ਵਾਹੀਯੋਗ ਜ਼ਮੀਨ ਪਾਣੀ ਵਿੱਚ ਡੁੱਬੀ ਹੋਈ ਹੈ। ਬ੍ਰਹਮਪੁੱਤਰ ਨਦੀ ਧੂਬਰੀ ਅਤੇ ਨੰਗਲਮੁਰਾਘਾਟ 'ਚ ਦਿਸਾਂਗ ਨਦੀ ਖਤਰੇ ਦੇ ਨਿਸ਼ਾਨ ਤੋਂ ਉੱਪਰ ਵਹਿ ਰਹੀ ਹੈ। ਇਹ ਵੀ ਕਿਹਾ ਕਿ ਵੱਖ-ਵੱਖ ਪ੍ਰਭਾਵਿਤ ਜ਼ਿਲ੍ਹਿਆਂ ਤੋਂ ਮਕਾਨਾਂ, ਸੜਕਾਂ ਅਤੇ ਪੁਲਾਂ ਵਰਗੇ ਬੁਨਿਆਦੀ ਢਾਂਚੇ ਨੂੰ ਨੁਕਸਾਨ ਹੋਣ ਦੀ ਸੂਚਨਾ ਮਿਲੀ ਹੈ।


Tanu

Content Editor

Related News