ਭਾਰੀ ਬਾਰਿਸ਼ ਕਾਰਨ ਕਈ ਜ਼ਿਲ੍ਹਿਆਂ ''ਚ ਹੜ੍ਹ ਵਰਗੇ ਹਾਲਾਤ, ਪਿਛਲੇ 24 ਘੰਟਿਆਂ ''ਚ 8 ਲੋਕਾਂ ਦੀ ਮੌਤ
Tuesday, Aug 13, 2024 - 07:01 AM (IST)
ਜੈਪੁਰ : ਰਾਜਸਥਾਨ 'ਚ ਲਗਾਤਾਰ ਹੋ ਰਹੀ ਭਾਰੀ ਬਾਰਿਸ਼ ਕਾਰਨ ਸੋਮਵਾਰ ਨੂੰ ਬਾਰਿਸ਼ ਨਾਲ ਜੁੜੀਆਂ ਘਟਨਾਵਾਂ 'ਚ 8 ਹੋਰ ਲੋਕਾਂ ਦੀ ਮੌਤ ਹੋ ਗਈ। ਰਾਜ ਵਿਚ ਪਿਛਲੇ ਦੋ ਦਿਨਾਂ ਵਿਚ ਮੀਂਹ ਨਾਲ ਸਬੰਧਤ ਹਾਦਸਿਆਂ ਵਿਚ ਘੱਟੋ-ਘੱਟ 22 ਲੋਕਾਂ ਦੀ ਮੌਤ ਹੋ ਗਈ ਹੈ। ਪੁਲਸ ਨੇ ਇਹ ਜਾਣਕਾਰੀ ਦਿੱਤੀ। ਪਿਛਲੇ ਦੋ ਦਿਨਾਂ ਤੋਂ ਹੋ ਰਹੀ ਭਾਰੀ ਬਾਰਿਸ਼ ਨੇ ਕਰੌਲੀ ਅਤੇ ਹਿੰਦੌਨ ਵਿਚ ਹੜ੍ਹ ਵਰਗੀ ਸਥਿਤੀ ਪੈਦਾ ਕਰ ਦਿੱਤੀ ਹੈ, ਜਿੱਥੇ ਨੀਵੇਂ ਇਲਾਕਿਆਂ ਵਿਚ ਭਾਰੀ ਪਾਣੀ ਭਰਿਆ ਹੋਇਆ ਹੈ। ਡੈਮਾਂ ਅਤੇ ਨਦੀਆਂ ਦੇ ਓਵਰਫਲੋਅ ਹੋਣ ਕਾਰਨ ਆਮ ਜਨਜੀਵਨ ਪ੍ਰਭਾਵਿਤ ਹੋ ਗਿਆ ਹੈ। ਆਪਦਾ ਰਾਹਤ ਬਲਾਂ ਨੇ ਕਰੌਲੀ ਅਤੇ ਹਿੰਦੌਨ 'ਚ ਕਰੀਬ 100 ਲੋਕਾਂ ਨੂੰ ਬਚਾਇਆ ਹੈ ਅਤੇ ਉਨ੍ਹਾਂ ਨੂੰ ਸੁਰੱਖਿਅਤ ਥਾਵਾਂ 'ਤੇ ਪਹੁੰਚਾਇਆ ਹੈ।
ਮੌਸਮ ਵਿਭਾਗ ਵੱਲੋਂ ਜਾਰੀ ਕੀਤੀ ਗਈ ਭਾਰੀ ਬਾਰਿਸ਼ ਦੀ ਚਿਤਾਵਨੀ ਕਾਰਨ ਸਬੰਧਤ ਜ਼ਿਲ੍ਹਾ ਮੈਜਿਸਟ੍ਰੇਟ ਵੱਲੋਂ ਜਾਰੀ ਹੁਕਮਾਂ 'ਤੇ ਸੂਬੇ ਦੀ ਰਾਜਧਾਨੀ ਜੈਪੁਰ, ਸਵਾਈ ਮਾਧੋਪੁਰ, ਭਰਤਪੁਰ, ਦੌਸਾ ਅਤੇ ਕਰੌਲੀ ਸਮੇਤ ਪੰਜ ਜ਼ਿਲ੍ਹਿਆਂ ਵਿਚ ਸੋਮਵਾਰ ਨੂੰ ਦਿਨ ਭਰ ਸਕੂਲ ਬੰਦ ਰਹੇ। ਰਾਜਧਾਨੀ ਜੈਪੁਰ ਵਿਚ ਵੀ ਲਗਾਤਾਰ ਮੀਂਹ ਕਾਰਨ ਆਮ ਜਨਜੀਵਨ ਪ੍ਰਭਾਵਿਤ ਹੋ ਗਿਆ ਹੈ। ਸ਼ਹਿਰ ਦੀਆਂ ਸੜਕਾਂ ਪਾਣੀ ਵਿਚ ਡੁੱਬ ਗਈਆਂ ਅਤੇ ਲਗਭਗ ਸਾਰੀਆਂ ਸੜਕਾਂ 'ਤੇ ਟ੍ਰੈਫਿਕ ਜਾਮ ਵਰਗੀ ਸਥਿਤੀ ਨੂੰ ਆਮ ਬਣਾਉਣ ਲਈ ਪੁਲਸ ਨੂੰ ਕਾਫੀ ਮਿਹਨਤ ਕਰਨੀ ਪਈ।
ਆਫ਼ਤ ਪ੍ਰਬੰਧਨ ਵਿਭਾਗ ਦੇ ਸੰਯੁਕਤ ਸਕੱਤਰ ਭਾਗਵਤ ਸਿੰਘ ਨੇ ਕਿਹਾ ਕਿ ਕਰੌਲੀ ਅਤੇ ਹਿੰਦੌਨ ਕਸਬਿਆਂ ਵਿਚ ਹੜ੍ਹ ਵਰਗੀ ਸਥਿਤੀ ਪੈਦਾ ਹੋ ਗਈ ਹੈ ਅਤੇ ਨੈਸ਼ਨਲ ਡਿਜ਼ਾਸਟਰ ਰਿਸਪਾਂਸ ਫੋਰਸ (ਐੱਨਡੀਆਰਐੱਫ) ਅਤੇ ਸਟੇਟ ਡਿਜ਼ਾਸਟਰ ਰਿਸਪਾਂਸ ਫੋਰਸ (ਐੱਸਡੀਆਰਐੱਫ) ਦੀਆਂ ਟੀਮਾਂ ਨੇ ਲਗਭਗ 100 ਲੋਕਾਂ ਨੂੰ ਸੁਰੱਖਿਅਤ ਥਾਵਾਂ 'ਤੇ ਪਹੁੰਚਾਇਆ ਹੈ। ਪੁਲਸ ਮੁਤਾਬਕ ਸੋਮਵਾਰ ਨੂੰ ਜੈਪੁਰ ਦੇ ਕਨੋਟਾ ਡੈਮ ਤੋਂ ਐਤਵਾਰ ਸ਼ਾਮ ਨੂੰ 5 ਲੋਕਾਂ ਦੀਆਂ ਲਾਸ਼ਾਂ ਬਰਾਮਦ ਕੀਤੀਆਂ ਗਈਆਂ, ਜਦਕਿ ਦੋ ਹੋਰ ਲੋਕ ਗਲਤਾ ਕੁੰਡ 'ਚ ਨਹਾਉਂਦੇ ਸਮੇਂ ਡੁੱਬ ਗਏ। ਪੁਲਸ ਨੇ ਦੱਸਿਆ ਕਿ ਕਨੋਟਾ ਡੈਮ 'ਚ ਡੁੱਬਣ ਵਾਲੇ ਨੌਜਵਾਨਾਂ ਦੀ ਪਛਾਣ ਹਰਸ਼ ਨਗੌਰਾ (20), ਵਿਨੈ ਮੀਨਾ (22), ਵਿਵੇਕ ਮਹੋਰ (22), ਅਜੇ ਮਾਹੋਰ (23) ਅਤੇ ਹਰਕੇਸ਼ ਮੀਨਾ (24) ਵਜੋਂ ਹੋਈ ਹੈ। ਇਹ ਸਾਰੇ ਡੈਮ 'ਤੇ ਪਿਕਨਿਕ ਮਨਾਉਣ ਗਏ ਸਨ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8