ਹਿਮਾਚਲ ''ਚ ਅਚਾਨਕ ਆਇਆ ਹੜ੍ਹ, ਪ੍ਰਸ਼ਾਸਨ ਨੇ 105 ਲੋਕਾਂ ਨੂੰ ਕੀਤਾ ਰੈਸਕਿਊ

Monday, Aug 01, 2022 - 03:30 PM (IST)

ਹਿਮਾਚਲ ''ਚ ਅਚਾਨਕ ਆਇਆ ਹੜ੍ਹ, ਪ੍ਰਸ਼ਾਸਨ ਨੇ 105 ਲੋਕਾਂ ਨੂੰ ਕੀਤਾ ਰੈਸਕਿਊ

ਸ਼ਿਮਲਾ (ਭਾਸ਼ਾ)- ਹਿਮਾਚਲ ਪ੍ਰਦੇਸ਼ ਦੇ ਲਾਹੌਲ-ਸਪੀਤੀ ਜ਼ਿਲ੍ਹੇ 'ਚ ਐਤਵਾਰ ਨੂੰ ਆਏ ਹੜ੍ਹ 'ਚ ਫਸੇ ਲਗਭਗ 105 ਲੋਕਾਂ ਨੂੰ ਅੱਧੀ ਰਾਤ ਬਚਾਇਆ ਗਿਆ। ਇਨ੍ਹਾਂ 'ਚੋਂ ਜ਼ਿਆਦਾਤਰ ਸੈਲਾਨੀ ਸਨ। ਮੋਹਲੇਧਾਰ ਮੀਂਹ ਕਾਰਨ ਦ੍ਰੋਣੀ ਨਦੀ 'ਚ ਪਾਣੀ ਦਾ ਪੱਧਰ ਵਧ ਗਿਆ ਅਤੇ ਅਚਾਨਕ ਹੜ੍ਹ ਆ ਗਿਆ। ਇਸ ਤੋਂ ਬਾਅਦ ਉੱਥੇ ਸੈਲਾਨੀਆਂ ਨੂੰ ਕੋਕਸਰ ਲਿਜਾਇਆ ਗਿਆ। ਇਸ ਤੋਂ ਇਲਾਵਾ ਬੋਲਡਰ ਡਿੱਗਣ ਨਾਲ ਇਕ ਗੱਡੀ ਵੀ ਨੁਕਸਾਨੀ ਗਈ। ਪੁਲਸ ਸੁਪਰਡੈਂਟ ਮਾਨਵ ਵਰਮਾ ਨੇ ਕਿਹਾ,''ਰਾਤ ਲਗਭਗ 1.30 ਵਜੇ ਤੱਕ ਸਾਰੇ ਫਸੇ ਸੈਲਾਨੀਆਂ ਨੂੰ ਬਚਾ ਲਿਆ ਗਿਆ। ਉਹ ਸਾਰੇ ਸੁਰੱਖਿਅਤ ਹਨ।''

ਉਨ੍ਹਾਂ ਕਿਹਾ ਕਿ ਸੈਲਾਨੀਆਂ ਨੂੰ ਪੂਰਾ ਭੋਜਨ ਅਤੇ ਹੋਰ ਜ਼ਰੂਰੀ ਚੀਜ਼ਾਂ ਪ੍ਰਦਾਨ ਕੀਤੀਆਂ ਗਈਆਂ ਹਨ। ਅਧਿਕਾਰੀਆਂ ਨੇ ਕਿਹਾ ਕਿ ਅਚਾਨਕ ਹੜ੍ਹ ਆਉਣ ਕਾਰਨ ਸਿਸੂ ਨੂੰ ਨਾਕੋ ਨਾਲ ਜੋੜਨ ਵਾਲੇ ਨੈਸ਼ਨਲ ਹਾਈਵੇਅ 505 'ਤੇ ਆਵਾਜਾਈ ਰੁਕ ਗਈ। ਜਿਸ ਤੋਂ ਬਾਅਦ ਸਰਹੱਦੀ ਸੜਕ ਸੰਗਠਨ (ਬੀ.ਆਰ.ਓ.) ਜ਼ਿਲ੍ਹਾ ਪ੍ਰਸ਼ਾਸਨ ਅਤੇ ਸੂਬਾ ਪੁਲਸ ਨੇ ਇਕ ਜੁਆਇੰਟ ਆਪਰੇਸ਼ਨ ਲਾਂਚ ਕੀਤਾ। ਇਹ ਆਪਰੇਸ਼ਨ ਕਰੀਬ 3 ਘੰਟਿਆਂ ਤੱਕ ਚਲਿਆ। ਅਧਿਕਾਰੀਆਂ ਨੇ ਕਿਹਾ ਕਿ ਲਾਹੌਲ ਅਤੇ ਸਪੀਤੀ ਜ਼ਿਲ੍ਹੇ 'ਚ 4 ਥਾਂਵਾਂ ਤੋਂ ਅਚਾਨਕ ਹੜ੍ਹ ਆਉਣ ਦੀ ਖ਼ਬਰ ਦੇ ਬਾਵਜੂਦ ਬੀ.ਆਰ.ਓ. ਨੇ ਰੈਸਕਿਊ ਲਈ ਤਿੰਨ ਟਰੱਕਾਂ ਨੂੰ ਲਗਾਇਆ। ਦੱਸਣਯੋਗ ਹੈ ਕਿ ਸੂਬੇ ਦੇ ਮੰਤਰੀ ਰਾਮ ਲਾਲ ਮਾਰਕੰਡਾ ਅਚਾਨਕ ਹੜ੍ਹ ਕਾਰਨ ਸੜਕ ਸੰਪਰਕ ਟੁੱਟਣ ਤੋਂ ਬਾਅਦ ਮਿਆਰ ਘਾਟੀ 'ਚ ਫਸੇ ਹੋਏ ਸਨ।


author

DIsha

Content Editor

Related News