ਬਿਹਾਰ ''ਚ ਟਰੱਕ ਅਤੇ ਆਟੋ ਰਿਕਸ਼ਾ ਵਿਚਾਲੇ ਹੋਈ ਟੱਕਰ, 5 ਬਾਰਾਤੀਆਂ ਦੀ ਮੌਤ
Tuesday, Jun 14, 2022 - 03:25 PM (IST)
ਭਾਗਲਪੁਰ (ਵਾਰਤਾ)- ਬਿਹਾਰ 'ਚ ਭਾਗਲਪੁਰ ਜ਼ਿਲ੍ਹੇ ਦੇ ਬਿਹਪੁਰ ਥਾਣਾ ਖੇਤਰ 'ਚ ਟਰੱਕ ਅਤੇ ਆਟੋ ਰਿਕਸ਼ਾ ਦਰਮਿਆਨ ਹੋਈ ਟੱਕਰ 'ਚ 5 ਬਾਰਾਤੀਆਂ ਦੀ ਮੌਤ ਹੋ ਗਈ ਅਤੇ ਤਿੰਨ ਹੋਰ ਜ਼ਖ਼ਮੀ ਹੋ ਗਏ। ਨਵਗਛੀਆ ਦੇ ਉਪਮੰਡਲ ਅਹੁਦਾ ਅਧਿਕਾਰੀ ਯਤੇਂਦਰ ਪਾਲ ਨੇ ਮੰਗਲਵਾਰ ਨੂੰ ਦੱਸਿਆ ਕਿ ਮਡਵਾ ਪਿੰਡ ਨੇੜੇ ਰਾਸ਼ਟਰੀ ਰਾਜਮਾਰਗ-31 'ਤੇ ਟਰੱਕ ਅਤੇ ਆਟੋ ਰਿਕਸ਼ਾ ਵਿਚਾਲੇ ਟੱਕਰ ਹੋ ਗਈ। ਇਸ ਘਟਨਾ 'ਚ 5 ਬਾਰਾਤੀਆਂ ਦੀ ਮੌਤ ਹੋ ਗਈ ਅਤੇ ਤਿੰਨ ਹੋਰ ਜ਼ਖ਼ਮੀ ਹੋ ਗਏ।
ਮ੍ਰਿਤਕਾਂ ਦੀ ਪਛਾਣ ਪੂਰਨੀਆ ਜ਼ਿਲ੍ਹੇ ਦੇ ਰੂਪੋਲੀ ਖੇਤਰ ਦੇ ਗੋਲਕੀ ਪਿੰਡ ਵਾਸੀ ਮੰਟੂ ਮੰਡਲ, ਛੋਟੂ ਮੰਡਲ, ਪਿੰਕੂ ਮੰਡਲ, ਗਜੇਂਦਰ ਸਾਹ ਅਤੇ ਗਜਾਧਰ ਮੰਡਲ ਵਜੋਂ ਹੋਈ ਹੈ। ਆਟੋ ਰਿਕਸ਼ਾ 'ਤੇ ਸਵਾਰ ਬਾਰਾਤੀ ਸੋਮਵਾਰ ਦੇਰ ਰਾਤ ਗੋਲਕੀ ਪਿੰਡ ਤੋਂ ਨਾਰਾਇਣਪੁਰ ਪਿੰਡ ਵੱਲ ਜਾ ਰਹੇ ਸਨ। ਸ਼੍ਰੀ ਪਾਲ ਨੇ ਦੱਸਿਆ ਕਿ ਜ਼ਖ਼ਮੀਆਂ ਨੂੰ ਬਿਹਪੁਰ ਦੇ ਸਰਕਾਰੀ ਹਸਪਤਾਲ 'ਚ ਦਾਖ਼ਲ ਕਰਵਾਇਆ ਗਿਆ, ਜਿੱਥੇ ਮੁੱਢਲੇ ਇਲਾਜ ਤੋਂ ਬਾਅਦ ਉਨ੍ਹਾਂ ਨੂੰ ਬਿਹਤਰ ਇਲਾਜ ਲਈ ਭਾਗਲਪੁਰ ਦੇ ਜਵਾਹਰਲਾਲ ਨਹਿਰੂ ਮੈਡੀਕਲ ਕਾਲਜ ਹਸਪਤਾਲ ਭੇਜ ਦਿੱਤਾ ਗਿਆ ਹੈ। ਸਰਕਾਰੀ ਵਿਵਸਥਾ ਦੇ ਅਧੀਨ ਸਾਰੇ ਮ੍ਰਿਤਕਾਂ ਦੇ ਪਰਿਵਾਰਾਂ ਨੂੰ 4-4 ਲੱਖ ਰੁਪਏ ਦੀ ਮੁਆਵਜ਼ਾ ਰਾਸ਼ੀ ਮੁਹੱਈਆ ਕਰਵਾਈ ਜਾ ਰਹੀ ਹੈ। ਲਾਸ਼ਾਂ ਪੋਸਟਮਾਰਟਮ ਲਈ ਭੇਜ ਦਿੱਤੀਆਂ ਗਈਆਂ ਹਨ।