ਤਿੰਨ ਬੱਚਿਆਂ ਸਮੇਤ ਇਕ ਹੀ ਪਰਿਵਾਰ ਦੇ 5 ਲੋਕ ਜਿਊਂਦੇ ਸੜੇ, ਘਰ ਦੇ ਬਾਹਰੋਂ ਲੱਗਾ ਸੀ ਤਾਲਾ
Sunday, Jan 28, 2024 - 02:45 PM (IST)
ਬਰੇਲੀ (ਭਾਸ਼ਾ)- ਉੱਤਰ ਪ੍ਰਦੇਸ਼ ਦੇ ਬਰੇਲੀ ਜ਼ਿਲ੍ਹਾ ਹੈੱਡ ਕੁਆਰਟਰ ਤੋਂ 25 ਕਿਲੋਮੀਟਰ ਦੂਰ ਕਸਬਾ ਫਰੀਦਪੁਰ 'ਚ ਇਕ ਹੀ ਪਰਿਵਾਰ ਦੇ 5 ਲੋਕਾਂ ਦੀ ਘਰ 'ਚ ਲੱਗੀ ਅੱਗ 'ਚ ਜਿਊਂਦੇ ਸੜਨ ਨਾਲ ਮੌਤ ਹੋ ਗਈ। ਮਰਨ ਵਾਲਿਆਂ 'ਚ ਤਿੰਨ ਬੱਚੇ ਵੀ ਸ਼ਾਮਲ ਸਨ। ਪੁਲਸ ਨੇ ਐਤਵਾਰ ਨੂੰ ਇਹ ਜਾਣਕਾਰੀ ਦਿੱਤੀ। ਉੱਤਰ ਪ੍ਰਦੇਸ਼ ਦੇ ਮੁੱਖ ਮੰਤਰੀ ਯੋਗੀ ਆਦਿਤਿਆਨਾਥ ਨੇ ਮਾਮਲੇ 'ਤੇ ਡੂੰਘਾ ਦੁੱਖ ਪ੍ਰਗਟ ਕਰਦੇ ਹੋਏ ਸੋਗ ਪੀੜਤ ਪਰਿਵਾਰਾਂ ਦੇ ਪ੍ਰਤੀ ਹਮਦਰਦੀ ਜ਼ਾਹਰ ਕੀਤੀ ਹੈ। ਪੁਲਸ ਅਨੁਸਾਰ ਅਜੇ ਗੁਪਤਾ ਉਰਫ਼ ਟਿੰਕਲ ਪੇਸ਼ੇ ਤੋਂ ਹਲਵਾਈ ਸਨ ਅਤੇ ਉਹ ਆਪਣੇ ਪਰਿਵਾਰ ਨਾਲ ਤਿੰਨ ਸਾਲਾਂ ਤੋਂ ਫਰੀਦਪੁਰ ਦੇ ਮੁਹੱਲਾ ਫਰੂਖਪੁਰ 'ਚ ਇਕ ਰਿਸ਼ਤੇਦਾਰ ਦੇ ਘਰ ਕਿਰਾਏ 'ਤੇ ਰਹਿੰਦੇ ਸਨ। ਸ਼ਨੀਵਾਰ ਰਾਤ ਸਾਰੇ ਲੋਕ ਇਕ ਹੀ ਕਮਰੇ 'ਚ ਸੁੱਤੇ ਸਨ। ਤੜਕੇ ਗੁਆਂਢੀਆਂ ਨੇ ਘਰੋਂ ਧੂੰਆਂ ਨਿਕਲਦੇ ਦੇਖਿਆ ਤਾਂ ਪੁਲਸ ਨੂੰ ਸੂਚਨਾ ਦਿੱਤੀ। ਸੂਚਨਾ ਮਿਲਦੇ ਹੀ ਪੁਲਸ ਮੌਕੇ 'ਤੇ ਪਹੁੰਚੀ। ਕਮਰੇ ਦਾ ਦਰਵਾਜ਼ਾ ਬਾਹਰੋਂ ਬੰਦ ਸੀ ਅਤੇ ਤਾਲਾ ਲੱਗਾ ਹੋਇਆ ਸੀ। ਪੁਲਸ ਦਰਵਾਜ਼ਾ ਤੋੜ ਕੇ ਕਮਰੇ 'ਚ ਦਾਖ਼ਲ ਹੋਈ। ਅੰਦਰ 5 ਲਾਸ਼ਾਂ ਝੁਲਸੀ ਹੋਈ ਹਾਲਤ 'ਚ ਪਈਆਂ ਸਨ। ਕਮਰੇ 'ਚ ਰੱਖਿਆ ਸਾਰਾ ਸਾਮਾਨ ਸੜ ਚੁੱਕਿਆ ਸੀ। ਪੁਲਸ ਨੇ ਲਾਸ਼ਾਂ ਕਬਜ਼ੇ 'ਚ ਲੈ ਕੇ ਪੋਸਟਮਾਰਟਮ ਲਈ ਭੇਜ ਦਿੱਤੀਆਂ।
ਇਹ ਵੀ ਪੜ੍ਹੋ : ਭਿਆਨਕ ਹਾਦਸੇ 'ਚ ਗਈ 6 ਦੋਸਤਾਂ ਦੀ ਜਾਨ, ਛੁੱਟੀਆਂ ਮਨ੍ਹਾ ਕੇ ਪਰਤ ਰਹੇ ਸਨ ਘਰ
ਸੂਚਨਾ ਮਿਲਦੇ ਹੀ ਮ੍ਰਿਤਕ ਦੇ ਪਰਿਵਾਰ ਵਾਲੇ ਅਤੇ ਰਿਸ਼ਤੇਦਾਰ ਪਹੁੰਚ ਗਏ। ਪੁਲਸ ਅਨੁਸਾਰ ਘਟਨਾ ਐਤਵਾਰ ਰਾਤ ਦੀ ਹੈ। ਐਤਵਾਰ ਸਵੇਰੇ ਸੂਚਨਾ ਮਿਲਣ 'ਤੇ ਬਰੇਲੀ ਦੇ ਜ਼ਿਲ੍ਹਾ ਅਧਿਕਾਰੀ ਰਵਿੰਦਰ ਕੁਮਾਰ ਅਤੇ ਸੀਨੀਅਰ ਪੁਲਸ ਸੁਪਰਡੈਂਟ ਘੁਲੇ ਸੁਸ਼ੀਲ ਚੰਦਰਭਾਨ ਵੀ ਹਾਦਸੇ ਵਾਲੀ ਜਗ੍ਹਾ ਪਹੁੰਚੇ। ਹਾਦਸੇ ਵਾਲੀ ਜਗ੍ਹਾ ਮੌਜੂਦ ਐੱਸ.ਐੱਸ.ਪੀ. ਘੁਲੇ ਸੁਸ਼ੀਲ ਚੰਦਰਭਾਨ ਨੇ ਦੱਸਇਆ ਕਿ ਫਰੀਦਪੁਰ ਕਸਬੇ 'ਚ ਅਜੇ ਗੁਪਤਾ ਉਰਫ਼ ਟਿੰਕਲ (38), ਪਤਨੀ ਅਨੀਤਾ (36), ਪੁੱਤ ਦਿਵਿਆਂਸ਼ (9), ਧੀ ਦਿਵਯੰਕਾ (6) ਅਤੇ ਸਭ ਤੋਂ ਛੋਟਾ ਪੁੱਤ ਦਕਸ਼ (3) ਦੀ ਜਿਊਂਦੇ ਸੜ ਕੇ ਮੌਤ ਹੋ ਗਈ। ਐੱਸ.ਐੱਸ.ਪੀ. ਨੇ ਦੱਸਿਆ ਕਿ ਗੁਪਤਾ ਦੇ ਘਰ 'ਚ ਬਾਹਰੋਂ ਤਾਲਾ ਲੱਗਾ ਹੋਇਆ ਸੀ ਅਤੇ ਪ੍ਰਤੀਤ ਹੁੰਦਾ ਹੈ ਕਿ ਘਟਨਾ ਦੇ ਸਮੇਂ ਸਾਰੇ ਪੀੜਤ ਘਰ ਦੇ ਅੰਦਰ ਹੀ ਸਨ। ਪੁਲਸ ਘਟਨਾ ਦੇ ਸੰਬੰਧ 'ਚ ਗੰਭੀਰਤਾ ਨਾਲ ਹਰ ਪਹਿਲੂ ਦੀ ਜਾਂਚ ਕਰ ਰਹੀ ਹੈ। ਮੁੱਖ ਮੰਤਰੀ ਦਫ਼ਤਰ ਨੇ 'ਐਕਸ' 'ਤੇ ਪੋਸਟ 'ਚ ਕਿਹਾ,''ਉੱਤਰ ਪ੍ਰਦੇਸ਼ ਦੇ ਮੁੱਖ ਮੰਤਰੀ ਯੋਗੀ ਆਦਿਤਿਆਨਾਥ ਜੀ ਨੇ ਬਰੇਲੀ ਜ਼ਿਲ੍ਹੇ 'ਚ ਅਗਨੀਕਾਂਡ 'ਚ ਹੋਈ ਜਨਹਾਣੀ 'ਤੇ ਡੂੰਘਾ ਦੁੱਖ ਪ੍ਰਗਟ ਕਰਦੇ ਹੋਏ ਸੋਗ ਪੀੜਤ ਪਰਿਵਾਰਾਂ ਪ੍ਰਤੀ ਹਮਦਰਦੀ ਜ਼ਾਹਰ ਕੀਤੀ ਹੈ।'' ਜ਼ਿਲ੍ਹਾ ਅਧਿਕਾਰੀ ਨੇ ਦੱਸਿਆ ਕਿ ਮੁੱਖ ਮੰਤਰੀ ਨੇ ਪੀੜਤ ਪਰਿਵਾਰ ਨੂੰ 5 ਲੱਖ ਰੁਪਏ ਦਾ ਮੁਆਵਜ਼ਾ ਦੇਣ ਦਾ ਐਲਾਨ ਕੀਤਾ ਹੈ। ਮ੍ਰਿਤਕਾਂ ਦੇ ਅੰਤਿਮ ਸੰਸਕਾਰ ਦਾ ਪੂਰਾ ਖਰਚ ਜ਼ਿਲ੍ਹਾ ਪ੍ਰਸ਼ਾਸਨ ਚੁੱਕੇਗੀ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8