ਹਿਮਾਚਲ ''ਚ ਬਰਫ਼ਬਾਰੀ ਕਾਰਨ 5 ਲੋਕਾਂ ਦੀ ਮੌਤ
Tuesday, Jan 25, 2022 - 03:22 PM (IST)

ਸ਼ਿਮਲਾ (ਵਾਰਤਾ)- ਹਿਮਾਚਲ ਪ੍ਰਦੇਸ਼ 'ਚ ਪਿਛਲੇ 3-4 ਦਿਨਾਂ ਤੋਂ ਹੋਈ ਬਰਫ਼ਬਾਰੀ ਕਾਰਨ 5 ਲੋਕਾਂ ਦੀ ਮੌਤ ਹੋ ਗਈ ਅਤੇ ਆਮ ਜਨਜੀਵਨ ਪ੍ਰਭਾਵਿਤ ਹੋਇਆ ਹੈ। ਸੂਬੇ 'ਚ ਮੀਂਹ ਅਤੇ ਬਰਫ਼ਬਾਰੀ ਦੌਰਾਨ ਚਾਰ ਰਾਸ਼ਟਰੀ ਰਾਜਮਾਰਗ ਸਮੇਤ ਪ੍ਰਦੇਸ਼ 'ਚ 687 ਸੜਕਾਂ ਬੰਦ ਹੋ ਗਈਆਂ ਹਨ। ਇਸ ਦੇ ਨਾਲ ਹੀ ਇਕ ਹਜ਼ਾਰ 288 ਟਰਾਂਸਫਾਰਮਰ ਸਪਲਾਈ ਨਹੀਂ ਦੇ ਪਾ ਰਹੇ ਹਨ ਅਤੇ 287 ਵਾਟਰ ਸਪਲਾਈ ਸਕੀਮਾਂ ਬੰਦ ਪਈਆਂ ਹਨ। ਬਰਫ਼ਬਾਰੀ 'ਚ 2 ਪਰਬਤਰੋਹੀਆਂ ਦੀ ਮੌਤ ਹੋ ਗਈ ਅਤੇ ਕਈ ਜਾਨਵਰ ਮ੍ਰਿਤ ਪਾਏ ਗਏ ਹਨ। ਆਉਣ ਵਾਲੀ 25 ਜਨਵਰੀ ਤੱਕ ਵੀ ਪ੍ਰਦੇਸ਼ 'ਚ ਮੌਸਮ ਖ਼ਰਾਬ ਰਹਿਣ ਦੀ ਸੰਭਾਵਨਾ ਹੈ। ਸ਼ਿਮਲਾ ਜ਼ਿਲ੍ਹੇ 'ਚ ਬਰਫ਼ਬਾਰੀ ਨਾਲ ਸਭ ਤੋਂ ਵੱਧ 257 ਸੜਕਾਂ 'ਤੇ ਆਵਾਜਾਈ ਠੱਪ ਹੈ। ਲਾਹੌਲ-ਸਪੀਤੀ 'ਚ 181, ਚੰਬਾ ਜ਼ਿਲ੍ਹੇ 'ਚ 106, ਕਿੰਨੌਰ 'ਚ 40, ਕੁੱਲੂ 'ਚ 43, ਮੰਡੀ 'ਚ 45, ਸਿਰਮੌਰ 'ਚ 9 ਅਤੇ ਸੋਲਨ 'ਚ 4 ਸੜਕਾਂ ਬੰਦ ਹਨ।
ਇਹ ਵੀ ਪੜ੍ਹੋ : ਹਿਮਾਚਲ : ਬਰਫ਼ 'ਚ ਫਸੀ ਗਰਭਵਤੀ ਔਰਤ ਨੂੰ ਪੁਲਸ ਨੇ ਪਹੁੰਚਾਇਆ ਹਸਪਤਾਲ
ਸੂਬੇ 'ਚ 1288 ਬਿਜਲੀ ਟਰਾਂਸਫਾਰਮਰ ਵੀ ਬੰਦ ਪਏ ਹਨ। ਚੰਬਾ ਜ਼ਿਲ੍ਹੇ 'ਚ ਸਭ ਤੋਂ ਵੱਧ 666 ਬਿਜਲੀ ਟਰਾਂਸਫਾਰਮਰ ਬੰਦ ਹਨ। ਉੱਥੇ ਹੀ ਸ਼ਿਮਲਾ 'ਚ 73, ਕਿੰਨੌਰ 'ਚ 73, ਕੁੱਲੂ 'ਚ 45, ਲਾਹੌਲ ਸਪੀਤੀ 'ਚ 33, ਸਿਰਮੌਰ 'ਚ 89, ਮੰਡੀ 'ਚ 19 ਅਤੇ ਸੋਲਨ 'ਚ 40 ਟਰਾਂਸਫਾਰਮਰ ਬੰਦ ਰਹੇ। ਚੰਬਾ ਜ਼ਿਲ੍ਹੇ 'ਚ 131 ਪੀਣ ਵਾਲੇ ਪਾਣੀ ਦੇ ਪ੍ਰਾਜੈਕਟ ਠੱਪ ਰਹੇ। ਇਸੇ ਤਰ੍ਹਾਂ ਸ਼ਿਮਲਾ 'ਚ 73, ਕਿੰਨੌਰ 'ਚ 46, ਲਾਹੌਲ-ਸਪੀਤੀ 'ਚ 33 ਅਤੇ ਸਿਰਮੌਰ 'ਚ 5 ਪੀਣ ਵਾਲੇ ਪਾਣੀ ਦੇ ਪ੍ਰਾਜੈਕਟ ਪ੍ਰਭਾਵਿਤ ਹਨ। ਮੌਸਮ ਵਿਭਾਗ ਅਨੁਸਾਰ ਬੀਤੇ 24 ਘੰਟਿਆਂ 'ਚ ਖਦਰਾਲਾ 'ਚ 71, ਭਰਮੌਰ ਅਤੇ ਛਤਰਾੜੀ 'ਚ 31-31, ਸ਼ਿਲਾਰੂ 'ਚ 29, ਕਲਪਾ 'ਚ 25, ਨਿਚਾਰ ਅਤੇ ਗਾਂਦੇਲਾ 'ਚ 20-20, ਸਾਂਗਲਾ 'ਚ 19, ਮੋਰੰਗ, ਜੁਬਲ ਅਤੇ ਸ਼ਿਮਲਾ 'ਚ 12-12 ਅਤੇ ਮਨਾਲੀ 'ਚ 10 ਸੈਂਟੀਮੀਟਰ ਬਰਫ਼ ਡਿੱਗੀ ਹੈ।
ਨੋਟ : ਇਸ ਖ਼ਬਰ ਸੰਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਬਾਕਸ 'ਚ ਦਿਓ ਜਵਾਬ