ਰਾਜਸਥਾਨ 'ਚ 'ਲੂ' ਲੱਗਣ ਕਾਰਨ 5 ਲੋਕਾਂ ਦੀ ਮੌਤ, ਬਾੜਮੇਰ 'ਚ ਪਾਰਾ 49 ਡਿਗਰੀ ਦੇ ਕਰੀਬ

Thursday, May 23, 2024 - 11:36 PM (IST)

ਬਾੜਮੇਰ- ਰਾਜਸਥਾਨ 'ਚ ਕਹਿਰ ਦੀ ਗਰਮੀ ਨੇ ਆਮ ਜਨਜੀਵਨ 'ਤੇ ਉਲਟਾ ਪ੍ਰਭਾਵ ਪਾਇਆ ਹੈ ਅਤੇ ਕਥਿਤ ਤੌਰ 'ਤੇ 'ਲੂ' ਲੱਗਣ (ਹੀਟ ਸਟ੍ਰੋਕ ਨਾਲ 5 ਲੋਕਾਂ ਦੀ ਮੌਤ ਦੀ ਸੂਚਨਾ ਹੈ। ਮੌਸਮ ਵਿਭਾਗ ਦੇ ਅਨੁਸਾਰ ਬਾੜਮੇਰ 'ਚ ਵੀਰਵਾਰ ਨੂੰ ਵੱਧ ਤੋਂ ਵੱਧ ਤਾਪਮਾਨ 48.8 ਡਿਗਰੀ ਸੈਲਸੀਅਸ ਤੱਕ ਪਹੁੰਚ ਗਿਆ ਜੋ ਇਸ ਗਰਮੀ ਦੇ ਮੌਸਮ 'ਚ ਸਭ ਤੋਂ ਜ਼ਿਆਦਾ ਹੈ। ਅਧਿਕਾਰੀਆਂ ਨੇ ਦੱਸਿਆ ਕਿ ਖੈਰਥਲ ਜ਼ਿਲ੍ਹੇ 'ਚ 5 ਮੋਰ ਮਰੇ ਮਿਲੇ ਹਨ। ਮੌਸਮ ਵਿਭਾਗ ਨੇ ਕਈ ਜ਼ਿਲ੍ਹਿਆਂ 'ਚ ਭਿਆਨਕ ਗਰਮੀ ਦੀ ਚਿਤਾਵਨੀ ਯਾਨੀ 'ਰੈੱਡ ਅਲਰਟ' ਜਾਰੀ ਕੀਤਾ ਹੋਇਆ ਹੈ। 

ਮੌਸਮ ਵਿਭਾਗ ਦੇ ਅਨੁਸਾਰ ਵੀਰਵਾਰ ਨੂੰ ਬਾੜਮੇਰ ਸਭ ਤੋਂ ਜ਼ਿਆਦਾ ਗਰਮ ਰਿਹਾ ਜਿੱਥੇ ਵੱਧ ਤੋਂ ਵੱਧ ਤਾਪਮਾਨ 48.8 ਡਿਗਰੀ ਸੈਲਸੀਅਸ ਪਹੁੰਚ ਗਿਆ। ਫਲੌਦੀ 'ਚ ਵੱਧ ਤੋਂ ਵੱਧ ਤਾਪਮਾਨ 48.6 ਡਿਗਰੀ, ਫਤੇਹਪੁਰ 'ਚ 47.6 ਡਿਗਰੀ, ਜੈਸਲਮੇਰ 'ਚ 47.5 ਡਿਗਰੀ, ਜੋਧਪੁਰ 'ਚ 47.4 ਡਿਗਰੀ, ਜਾਲੌਰ 'ਚ 47.3 ਡਿਗਰੀ, ਕੋਟਾ 'ਚ 47.2 ਡਿਗਰੀ, ਚੁਰੂ 'ਚ 47 ਡਿਗਰੀ, ਡੂੰਗਰਪੁਰ 'ਚ 46.8 ਡਿਗਰੀ, ਬੀਕਾਨੇਰ 'ਚ 46.5 ਡਿਗਰੀ, ਸ਼੍ਰੀਗੰਗਾਨਗਰ 'ਚ 46.1 ਡਿਗਰੀ, ਭੀਲਵਾੜਾ 'ਚ 46 ਡਿਗਰੀ, ਚਿਤੌੜਗੜ੍ਹ 'ਚ 45.4 ਡਿਗਰੀ ਸੈਲਸੀਅਲ ਦਰਜ ਕੀਤਾ ਗਿਆ। 

ਵਿਭਾਗ ਦੇ ਅਨੁਸਾਰ ਸੂਬੇ ਦੇ ਹੋਰ ਇਲਾਕਿਾਂ 'ਚ ਵੱਧ ਤੋਂ ਵੱਧ ਤਾਪਮਾਨ 44.8 ਡਿਗਰੀ ਸੈਲਸੀਅਸ ਤੋਂ ਲੈ ਕੇ 42.2 ਡਿਗਰੀ ਸੈਲਸੀਅਸ ਦੇ ਵਿਚਕਾਰ ਦਰਜ ਕੀਤਾ ਗਿਆ। ਉਥੇ ਹੀ ਬੀਤੀ ਰਾਤ ਸੂਬੇ ਦੇ ਜ਼ਿਆਦਾਤਰ ਹਿੱਸਿਆਂ 'ਚ ਤਾਪਮਾਨ 34.6 ਡਿਗਰੀ ਸੈਲਸੀਅਸ ਤੋਂ ਲੈ ਕੇ 28 ਡਿਗਰੀ ਸੈਲਸੀਅਸ ਦੇ ਵਿਚਕਾਰ ਰਿਹਾ। ਮੌਸਮ ਕੇਂਦਰ ਜੈਪੁਰ ਦੇ ਅਨੁਸਾਰ ਫਲੌਦੀ 'ਚ ਬੀਤੀ ਰਾਤ ਤਾਪਮਾਨ 34.6 ਡਿਗਰੀ ਸੈਲਸੀਅਸ ਦਰਜ ਕੀਤਾਗਿਆ ਜੋ ਆਮ ਤੋਂ 8.8 ਡਿਗਰੀ ਵੱਧ ਹੈ। ਸੂਬੇ ਦੇ ਹੋਰ ਸਥਾਨਾਂ 'ਤੇ ਘੱਟੋ-ਘੱਟ ਤਾਪਮਾਨ ਆਮ ਤੋਂ 6 ਡਿਗਰੀ ਸੈਲਸੀਅਸ ਤੱਕ ਜ਼ਿਆਦਾ ਦਰਜ ਕੀਤਾ ਗਿਆ ਹੈ। ਸੂਬੇ 'ਚ ਕਥਿਤ ਤੌਰ 'ਤੇ 'ਲੂ' ਲੱਗਣ ਕਾਰਨ 5 ਲੋਕਾਂ ਦੀ ਮੌਤ ਹੋ ਗਈ। 

ਜਾਲੌਰ ਜ਼ਿਲ੍ਹੇ ਦੇ ਮੁੱਖ ਮੈਡੀਕਲ ਅਤੇ ਸਿਹਤ ਅਧਿਕਾਰੀ ਡਾ: ਰਮਾ ਸ਼ੰਕਰ ਭਾਰਤੀ ਨੇ ਦੱਸਿਆ ਕਿ ਅੱਜ ਵੱਖ-ਵੱਖ ਥਾਵਾਂ ਤੋਂ ਇੱਕ ਔਰਤ ਸਮੇਤ ਚਾਰ ਵਿਅਕਤੀਆਂ ਨੂੰ ਜਲੌਰ ਜ਼ਿਲ੍ਹਾ ਹਸਪਤਾਲ ਲਿਆਂਦਾ ਗਿਆ ਜਿੱਥੇ ਡਾਕਟਰਾਂ ਨੇ ਦੱਸਿਆ ਕਿ ਉਨ੍ਹਾਂ ਦੀ ਮੌਤ ਪਹਿਲਾਂ ਹੀ ਹੋ ਚੁੱਕੀ ਸੀ। ਉਨ੍ਹਾਂ ਨੇ ਕਿਹਾ ਕਿ ਮੌਤ 'ਲੂ' ਲੱਗਣ ਕਾਰਨ ਹੋਈ ਹੋਣ ਦੀ ਸੰਭਾਵਨਾ ਹੈ। ਅਸਲ ਕਾਰਨਾਂ ਦਾ ਪਤਾ ਪੋਸਟਮਾਰਟਮ ਰਿਪੋਰਟ 'ਚ ਲੱਗੇਗਾ। ਉਨ੍ਹਾਂ ਦੱਸਿਆ ਕਿ ਜ਼ਿਲ੍ਹਾ ਹਸਪਤਾਲ 'ਚ ਵੀਰਵਾਰ ਨੂੰ ਇਕ ਔਰਤ ਕਮਲਾ ਦੇਵੀ (40), ਦੋ ਹੋਰ ਚੂਨਾ ਰਾਮ (60), ਪੋਪਟ ਰਾਮ (30) ਅਤੇ ਇਕ ਅਣਪਛਾਤੇ ਵਿਅਕਤੀ ਨੂੰ ਲਿਆਂਦਾ ਗਿਆ ਜਿਨ੍ਹਾਂ ਦੀ ਮੌਤ ਪਹਿਲਾਂ ਹੀ ਹੋ ਚੁੱਕੀ ਸੀ। 

ਉਥੇ ਹੀ ਬਲੋਤਰਾ ਜ਼ਿਲ੍ਹੇ ਦੇ ਪਚਪਦਰਾ ਥਾਣਾ ਖੇਤਰ 'ਚ ਬੁੱਧਵਾਰ ਨੂੰ ਬਾੜਮੇਰ ਰਿਫਾਇਨਰੀ 'ਚ ਕੰਮ ਕਰਦੇ ਦੋ ਨੌਜਵਾਨ ਸਾਹਿੰਦਰ ਸਿੰਘ (41) ਅਤੇ ਸੁਰੇਸ਼ ਯਾਦਵ ਬੇਹੋਸ਼ ਹੋ ਗਏ, ਜਿਸ ਤੋਂ ਬਾਅਦ ਉਨ੍ਹਾਂ ਨੂੰ ਹਸਪਤਾਲ 'ਚ ਦਾਖਲ ਕਰਵਾਇਆ ਗਿਆ। ਪੁਲਸ ਨੇ ਦੱਸਿਆ ਕਿ ਸਾਹਿੰਦਰ ਸਿੰਘ ਦੀ ਇਲਾਜ ਦੌਰਾਨ ਮੌਤ ਹੋ ਗਈ, ਜਦਕਿ ਸੁਰੇਸ਼ ਯਾਦਵ ਦਾ ਇਲਾਜ ਚੱਲ ਰਿਹਾ ਹੈ। ਖੈਰਥਲ ਜ਼ਿਲ੍ਹੇ ਦੇ ਪਿੰਡ ਇਸਮਾਈਲਪੁਰ 'ਚ 5 ਮੋਰ ਮਰੇ ਹੋਏ ਮਿਲੇ ਹਨ ਅਤੇ ਇਸ ਦਾ ਕਾਰਨ ਅੱਤ ਦੀ ਗਰਮੀ ਦੱਸਿਆ ਜਾ ਰਿਹਾ ਹੈ।


Rakesh

Content Editor

Related News