ਮਹਾਰਾਸ਼ਟਰ ''ਚ ਵਾਪਰਿਆ ਭਿਆਨਕ ਹਾਦਸਾ, ਇਕ ਹੀ ਪਰਿਵਾਰ ਦੇ 5 ਜੀਆਂ ਦੀ ਮੌਤ

03/27/2022 5:42:00 PM

ਅਮਰਾਵਤੀ (ਭਾਸ਼ਾ)- ਮਹਾਰਾਸ਼ਟਰ ਦੇ ਅਮਰਾਵਤੀ ਜ਼ਿਲ੍ਹੇ 'ਚ ਐਤਵਾਰ ਨੂੰ ਇਕ ਭਿਆਨਕ ਸੜਕ ਹਾਦਸਾ ਵਾਪਰਿਆ। ਇਸ ਹਾਦਸੇ 'ਚ ਇਕ ਕਾਰ ਦੇ ਟਰੱਕ ਨਾਲ ਟਕਰਾਉਣ ਕਾਰਨ ਇਕ ਹੀ ਪਰਿਵਾਰ ਦੇ 5 ਜੀਆਂ ਦੀ ਮੌਤ ਹੋ ਗਈ। ਪੁਲਸ ਨੇ ਦੱਸਿਆ ਕਿ ਹਾਦਸੇ 'ਚ ਮਾਰੇ ਗਏ ਲੋਕ ਇਕ ਵਿਆਹ ਸਮਾਰੋਹ 'ਚ ਹਿੱਸਾ ਲੈਣ ਜਾ ਰਹੇ ਸਨ। ਉਸ ਨੇ ਦੱਸਿਆ ਕਿ ਨੰਦਗਾਂਵਪੇਠ-ਦੇਵਲਗਾਂਵ ਰਿੰਗ ਰੋਡ 'ਤੇ ਹੋਈ ਟੱਕਰ ਇੰਨੀ ਭਿਆਨਕ ਸੀ ਕਿ ਕਾਰ ਪੂਰੀ ਤਰ੍ਹਾਂ ਨਾਲ ਨੁਕਸਾਨੀ ਗਈ ਅਤੇ ਟਰੱਕ ਦੇ ਅੱਗੇ ਦੇ 2 ਪਹੀਏ ਨਿਕਲ ਗਏ। ਅੰਜਨਗਾਂਵ ਸੁਰਜੀ ਪਿੰਡ ਦਾ ਰਹਿਣ ਵਾਲਾ ਇਹ ਪਰਿਵਾਰ ਇਕ ਵਿਆਹ ਸਮਾਰੋਹ 'ਚ ਹਿੱਸਾ ਲੈਣ ਲਈ ਵਾਲਗਾਂਵ ਤੋਂ ਹੁੰਦਾ ਹੋਇਆ ਨੰਦਗਾਂਵਪੇਠ ਜਾ ਰਿਹਾ ਸੀ।

ਨੰਦਗਾਂਵਪੇਠ ਪੁਲਸ ਥਾਣੇ ਦੇ ਇਕ ਅਧਿਕਾਰੀ ਨੇ ਦੱਸਿਆ ਕਿ ਜਦੋਂ ਕਾਰ ਪੋਟੇ ਕਾਲਜ ਪਹੁੰਚੀ ਤਾਂ ਉਸ ਦੇ ਡਰਾਈਵਰ ਨੇ ਇਕ ਦੋਪਹੀਆ ਵਾਹਨ ਤੋਂ ਅੱਗੇ ਨਿਕਲਣ ਦੀ ਕੋਸ਼ਿਸ਼ ਕੀਤੀ ਪਰ ਉਸੇ ਸਮੇਂ ਸਾਹਮਣੇ ਤੋਂ ਤੇਜ਼ ਗਤੀ ਨਾਲ ਆ ਰਹੇ ਇਕ ਟਰੱਕ ਨਾਲ ਉਸ ਦੀ ਟੱਕਰ ਹੋ ਗਈ। ਉਨ੍ਹਾਂ ਦੱਸਿਆ ਕਿ ਨੇੜੇ ਹੀ ਕੰਮ ਕਰ ਰਹੇ ਕੁਝ ਮਜ਼ਦੂਰ ਹਾਦਸੇ ਵਾਲੀ ਜਗ੍ਹਾ ਪਹੁੰਚੇ ਅਤੇ ਇਕ ਜਿਊਂਦੇ ਵਿਅਕਤੀ ਨੂੰ ਕਾਰ 'ਚੋਂ ਬਾਹਰ ਕੱਢ ਕੇ ਹਸਪਤਾਲ ਪਹੁੰਚਾਇਆ ਪਰ ਇਲਾਜ ਦੌਰਾਨ ਉਸ ਨੇ ਵੀ ਦਮ ਤੋੜ ਦਿੱਤਾ। ਉਨ੍ਹਾਂ ਦੱਸਿਆ ਕਿ ਟਰੱਕ ਡਰਾਈਵਰ ਹਾਦਸੇ ਤੋਂ ਬਾਅਦ ਫਰਾਰ ਹੋ ਗਿਆ।


DIsha

Content Editor

Related News