ਲਖੀਮਪੁਰ ਖੀਰੀ ''ਚ ਵਾਪਰਿਆ ਭਿਆਨਕ ਹਾਦਸਾ, 5 ਲੋਕਾਂ ਦੀ ਮੌਤ

06/24/2022 5:57:45 PM

ਲਖੀਮਪੁਰ ਖੀਰੀ (ਭਾਸ਼ਾ)- ਉੱਤਰ ਪ੍ਰਦੇਸ਼ ਦੇ ਲਖੀਮਪੁਰ ਖੀਰੀ ਜ਼ਿਲ੍ਹੇ ਦੇ ਈਸਾਨਗਰ ਥਾਣਾ ਖੇਤਰ 'ਚ ਸ਼ੁੱਕਰਵਾਰ ਦੁਪਹਿਰ ਹੋਏ ਇਕ ਸੜਕ ਹਾਦਸੇ 'ਚ 5 ਲੋਕਾਂ ਦੀ ਮੌਤ ਹੋ ਗਈ ਅਤੇ 12 ਯਾਤਰੀ ਜ਼ਖਮੀ ਹੋ ਗਏ। ਪੁਲਸ ਨੇ ਸ਼ੁੱਕਰਵਾਰ ਨੂੰ ਇਹ ਜਾਣਕਾਰੀ ਦਿੱਤੀ। ਪੁਲਸ ਮੁਤਾਬਕ ਪੀਲੀਭੀਤ-ਸਿਧਾਰਥਨਗਰ ਹਾਈਵੇਅ 'ਤੇ ਈਸਾਨਗਰ ਥਾਣਾ ਖੇਤਰ ਦੇ ਉਂਚਗਾਓਂ-ਅਦਲਿਸਪੁਰ ਚੌਰਾਹੇ ਨੇੜੇ ਸ਼ੁੱਕਰਵਾਰ ਦੁਪਹਿਰ ਨੂੰ ਇਕ ਤੇਜ਼ ਰਫ਼ਤਾਰ ਬੱਸ ਅਤੇ ਟਰੱਕ ਵਿਚਾਲੇ ਹੋਈ ਆਹਮੋ-ਸਾਹਮਣੇ ਦੀ ਟੱਕਰ 'ਚ 5 ਲੋਕਾਂ ਦੀ ਮੌਤ ਹੋ ਗਈ ਅਤੇ 12 ਹੋਰ ਯਾਤਰੀ ਜ਼ਖ਼ਮੀ ਹੋ ਗਏ। ਉਨ੍ਹਾਂ ਦੱਸਿਆ ਕਿ ਇਹ ਹਾਦਸਾ ਉਸ ਸਮੇਂ ਵਾਪਰਿਆ ਜਦੋਂ ਬੱਸ ਚਾਲਕ ਨੇ ਪਿਕਅੱਪ ਵੈਨ ਨੂੰ ਓਵਰਟੇਕ ਕਰਨ ਦੀ ਕੋਸ਼ਿਸ਼ ਕੀਤੀ ਅਤੇ ਬੱਸ ਉਲਟ ਦਿਸ਼ਾ ਤੋਂ ਆ ਰਹੇ ਟਰੱਕ ਨਾਲ ਟਕਰਾ ਗਈ।

ਧੌਰਹਰਾ ਪੁਲਸ ਖੇਤਰ ਅਧਿਕਾਰੀ (ਸੀ.ਓ.) ਐੱਸ.ਐੱਨ. ਤਿਵਾੜੀ ਨੇ ਦੱਸਿਆ ਕਿ ਮਰਨ ਵਾਲਿਆਂ 'ਚ ਬੱਸ ਡਰਾਈਵਰ ਬਲਾਚੰਦਰ ਮਿਸ਼ਰਾ (40), ਆਪਰੇਟਰ ਨਾਇਬ ਸਿੰਘ (35), ਯਾਤਰੀ ਜਮਾਲ ਖਾਨ (45) ਅਤੇ ਦੋ ਅਣਪਛਾਤੇ ਵਿਅਕਤੀ ਸ਼ਾਮਲ ਹਨ, ਜਿਨ੍ਹਾਂ ਦੇ ਟਰੱਕ ਡਰਾਈਵਰ ਅਤੇ ਉਸ ਦਾ ਸਹਾਇਕ ਹੋਣ ਦਾ ਸ਼ੱਕ ਹੈ। ਧੌਰਹਰਾ ਦੇ ਉਪ ਜ਼ਿਲ੍ਹਾ ਮੈਜਿਸਟਰੇਟ ਧੀਰੇਂਦਰ ਕੁਮਾਰ ਸਿੰਘ ਅਤੇ ਹੋਰ ਅਧਿਕਾਰੀ ਮੌਕੇ 'ਤੇ ਪਹੁੰਚੇ ਅਤੇ ਜ਼ਖ਼ਮੀਆਂ ਨੂੰ ਹਸਪਤਾਲ ਪਹੁੰਚਾਇਆ। ਪੁਲਸ ਦੇ ਅਨੁਸਾਰ, ਜ਼ਖ਼ਮੀ ਬੱਸ ਯਾਤਰੀਆਂ 'ਚੋਂ 2 ਨੂੰ ਗੰਭੀਰ ਹਾਲਤ 'ਚ ਜ਼ਿਲ੍ਹਾ ਹਸਪਤਾਲ ਭੇਜਿਆ ਗਿਆ ਹੈ ਜਦੋਂ ਕਿ ਬਾਕੀਆਂ ਦਾ ਧੌਰਹਰਾ ਕਮਿਊਨਿਟੀ ਸੈਂਟਰ 'ਚ ਇਲਾਜ ਚੱਲ ਰਿਹਾ ਹੈ।


DIsha

Content Editor

Related News