ਰਾਜਸਥਾਨ : ਗੈਸ ਸਿਲੰਡਰ ਫਟਣ ਨਾਲ 5 ਲੋਕਾਂ ਦੀ ਮੌਤ, ਵਿਆਹ ''ਚ ਆਏ 49 ਮਹਿਮਾਨ ਜ਼ਖ਼ਮੀ

Friday, Dec 09, 2022 - 11:33 AM (IST)

ਰਾਜਸਥਾਨ : ਗੈਸ ਸਿਲੰਡਰ ਫਟਣ ਨਾਲ 5 ਲੋਕਾਂ ਦੀ ਮੌਤ, ਵਿਆਹ ''ਚ ਆਏ 49 ਮਹਿਮਾਨ ਜ਼ਖ਼ਮੀ

ਜੋਧਪੁਰ (ਭਾਸ਼ਾ)- ਰਾਜਸਥਾਨ 'ਚ ਜੋਧਪੁਰ ਦੇ ਇਕ ਮਕਾਨ 'ਚ ਰਸੋਈ ਗੈਸ ਸਿਲੰਡਰ ਫਟਣ ਨਾਲ 5 ਲੋਕਾਂ ਦੀ ਮੌਤ ਹੋ ਗਈ ਅਤੇ 49 ਹੋਰ ਜ਼ਖ਼ਮੀ ਹੋ ਗਏ। ਇਸ ਘਰ 'ਚ ਵਿਆਹ ਸਮਾਰੋਹ ਲਈ ਲੋਕ ਇਕੱਠੇ ਹੋਏ ਸਨ। ਉਨ੍ਹਾਂ ਕਿਹਾ ਕਿ ਸ਼ੇਰਗੜ੍ਹ ਸਬ-ਡਿਵੀਜ਼ਨ ਦੇ ਭੁੰਗਰਾ ਪਿੰਡ 'ਚ ਵੀਰਵਾਰ ਦੁਪਹਿਰ ਹੋਏ ਇਸ ਵਿਸਫ਼ੋਟ ਕਾਰਨ ਮਕਾਨ ਦਾ ਇਕ ਹਿੱਸਾ ਵੀ ਡਿੱਗ ਗਿਆ। ਅਧਿਕਾਰੀਆਂ ਨੇ ਦੱਸਿਆ ਕਿ ਜ਼ਖ਼ਮੀਆਂ 'ਚੋਂ ਕੁਝ ਲੋਕ 80 ਤੋਂ 100 ਫੀਸਦੀ ਤੱਕ ਝੁਲਸ ਗਏ ਹਨ। ਜੋਧਪੁਰ ਦੇ ਪੁਲਸ ਸੁਪਰਡੈਂਟ ਅਨਿਲ ਕਯਾਲ ਨੇ ਦੱਸਿਆ ਕਿ ਲਾੜੇ ਸੁਰੇਂਦਰ ਸਿੰਘ ਦੇ ਘਰ ਮਹਿਮਾਨ ਇਕੱਠੇ ਹੋਏ ਸਨ ਅਤੇ ਉਨ੍ਹਾਂ ਲਈ ਖਾਣਾ ਬਣ ਰਿਹਾ ਸੀ। ਉਦੋਂ ਅਚਾਨਕ ਮਕਾਨ ਦੇ ਭੰਡਾਰ ਕਮਰੇ 'ਚ ਰੱਖੇ ਇਕ ਸਿਲੰਡਰ 'ਚ ਗੈਸ ਲੀਕ ਹੋਣ ਤੋਂ ਬਾਅਦ ਅੱਗ ਲੱਗ ਗਈ ਅਤੇ ਧਮਾਕਾ ਹੋ ਗਿਆ।

ਧਮਾਕੇ ਤੋਂ ਬਾਅਦ ਹਾਦਸੇ ਵਾਲੀ ਜਗ੍ਹਾ ਕੋਲ ਮੌਜੂਦ ਹੋਰ ਮਹਿਮਾਨ ਅਤੇ ਪਿੰਡ ਵਾਸੀ ਉੱਥੇ ਪਹੁੰਚੇ ਅਤੇ ਬਚਾਅ ਮੁਹਿੰਮ ਸ਼ੁਰੂ ਕੀਤੀ। ਉਨ੍ਹਾਂ ਦੱਸਿਆ ਕਿ ਇਸ ਘਟਨਾ 'ਚ 2 ਬੱਚਿਆਂ ਰਤਨ ਸਿੰਘ (5) ਅਤੇ ਖੁਸ਼ਬੂ (4) ਦੀ ਮੌਕੇ 'ਤੇ ਹੀ ਮੌਤ ਹੋ ਗਈ। ਉਨ੍ਹਾਂ ਦੱਸਿਆ ਕਿ ਸਾਰੇ ਜ਼ਖ਼ਮੀਆਂ ਨੂੰ ਐੱਮ.ਜੀ. ਹਸਪਤਾਲ ਲਿਜਾਇਆ ਗਿਆ। ਜ਼ਿਲ੍ਹਾ ਅਧਿਕਾਰੀ ਹਿਮਾਂਸ਼ੂ ਗੁਪਤਾ ਨੇ ਦੱਸਿਆ ਕਿ ਧਮਾਕੇ 'ਚ 5 ਲੋਕਾਂ ਦੀ ਮੌਤ ਹੋ ਗਈ ਅਤੇ 49 ਹੋਰ ਲੋਕ ਜ਼ਖ਼ਮੀ ਹੋ ਗਏ। ਐੱਮ.ਜੀ. ਹਸਪਤਾਲ ਦੀ ਸੁਪਰਡੈਂਟ ਰਾਜ ਸ਼੍ਰੀ ਬੇਹਰਾ ਨੇ ਕਿਹਾ ਕਿ ਹਸਪਤਾਲ ਲਿਆਂਦੇ ਗਏ 12 ਤੋਂ ਵੱਧ ਜ਼ਖ਼ਮੀ ਲੋਕ 80 ਤੋਂ 100 ਫੀਸਦੀ ਤੱਕ ਝੁਲਸ ਗਏ ਹਨ ਅਤੇ ਉਨ੍ਹਾਂ ਦੀ ਹਾਲਤ ਗੰਭੀਰ ਹੈ। ਮੁੱਖ ਮੰਤਰੀ ਅਸ਼ੋਕ ਗਹਿਲੋਤ ਅਤੇ ਕੇਂਦਰੀ ਮੰਤਰੀ ਅਤੇ ਜੋਧਪੁਰ ਤੋਂ ਸੰਸਦ ਮੈਂਬਰ ਗਜੇਂਦਰ ਸਿੰਘ ਸ਼ੇਖਾਵਤ ਨੇ ਇਸ ਘਟਨਾ 'ਚ ਲੋਕਾਂ ਦੀ ਮੌਤ ਹੋਣ 'ਤੇ ਸੋਗ ਜ਼ਾਹਰ ਕੀਤਾ ਹੈ। ਉਨ੍ਹਾਂ ਨੇ ਅਧਿਕਾਰੀਆਂ ਨੂੰ ਨਿਰਦੇਸ਼ ਦਿੱਤਾ ਕਿ ਜ਼ਖ਼ਮੀਆਂ ਦਾ ਚੰਗੇ ਤੋਂ ਚੰਗਾ ਇਲਾਜ ਕਰਵਾਇਆ ਜਾਵੇ।


author

DIsha

Content Editor

Related News