ਉੱਤਰ ਪ੍ਰਦੇਸ਼ 'ਚ ਪਹਿਲੇ ਗੇੜ ਦੀ ਵੋਟਿੰਗ ਸ਼ੁਰੂ, ਕਈ ਮੰਤਰੀਆਂ ਸਮੇਤ 623 ਉਮੀਦਵਾਰਾਂ ਦੀ ਕਿਸਮਤ ਦਾ ਹੋਵੇਗਾ ਫ਼ੈਸਲਾ

02/10/2022 8:12:18 AM

ਲਖਨਊ (ਭਾਸ਼ਾ)- ਉੱਤਰ ਪ੍ਰਦੇਸ਼ ਵਿਧਾਨ ਸਭਾ ਚੋਣਾਂ ਦੇ ਪਹਿਲੇ ਗੇੜ ਦੇ ਅਧੀਨ ਸੂਬੇ ਦੇ 11 ਜ਼ਿਲ੍ਹਿਆਂ ਦੀਆਂ 58 ਵਿਧਾਨ ਸਭਾ ਸੀਟਾਂ ਲਈ ਵੋਟਿੰਗ ਵੀਰਵਾਰ ਸਵੇਰੇ 7 ਵਜੇ ਸ਼ੁਰੂ ਹੋ ਗਈ। ਚੋਣ ਕਮਿਸ਼ਨ ਦਫ਼ਤਰ ਤੋਂ ਮਿਲੀ ਜਾਣਕਾਰੀ ਅਨੁਸਾਰ ਪਹਿਲੇ ਗੇੜ ਦੀਆਂ ਚੋਣਾਂ ਲਈ ਵੋਟਿੰਗ ਕਾਰਜ ਕੋਵਿਡ ਪ੍ਰੋਟੋਕਾਲ ਦੇ ਅਧੀਨ ਸਵੇਰੇ 7 ਵਜੇ ਸ਼ੁਰੂ ਹੋ ਗਈ, ਜੋ ਸ਼ਾਮ 6 ਵਜੇ ਤੱਕ ਚਲੇਗੀ। ਵੋਟਿੰਗ ਸ਼ਾਂਤੀਪੂਰਨ ਢੰਗ ਨਾਲ ਚੱਲ ਰਹੀ ਹੈ ਅਤੇ ਕਿਤੇ ਵੀ ਕਿਸੇ ਅਣਸੁਖਾਵੀਂ ਘਟਨਾ ਦੀ ਸੂਚਨਾ ਨਹੀਂ ਹੈ। ਇਸ ਗੇੜ 'ਚ ਸ਼ਾਮਲੀ, ਹਾਪੁੜ, ਗੌਤਮਬੁੱਧ ਨਗਰ, ਮੁਜ਼ੱਫਰਨਗਰ, ਮੇਰਠ, ਬਾਗਪਤ, ਗਾਜ਼ੀਆਬਾਦ, ਬੁਲੰਦਸ਼ਹਿਰ, ਅਲੀਗੜ੍ਹ, ਮਥੁਰਾ ਅਤੇ ਆਗਰਾ ਜ਼ਿਲ੍ਹਿਆਂ 'ਚ ਵੋਟਿੰਗ ਹੋ ਰਹੀ ਹੈ। ਪਹਿਲੇ ਗੇੜ ਦੀਆਂ ਚੋਣਾਂ ਜਾਟ ਬਹੁਲ ਖੇਤਰ 'ਚ ਹੋ ਰਹੀਆਂ ਹਨ। ਇਸ ਗੇੜ 'ਚ ਪ੍ਰਦੇਸ਼ ਸਰਕਾਰ ਦੇ ਮੰਤਰੀਆਂ ਸ਼੍ਰੀਕਾਂਤ ਸ਼ਰਮਾ, ਸੁਰੇਸ਼ ਰਾਣਾ, ਸੰਦੀਪ ਸਿੰਘ, ਕਪਿਲ ਦੇਵ ਅਗਰਵਾਲ, ਅਤੁਲ ਗਰਗ ਅਤੇ ਚੌਧਰੀ ਲਕਸ਼ਮੀ ਨਾਰਾਇਣ ਸਮੇਤ ਕੁੱਲ 623 ਉਮੀਦਵਾਰਾਂ ਦੀ ਸਿਆਸੀ ਕਿਸਮਤ ਦਾ ਫ਼ੈਸਲਾ ਹੋਵੇਗਾ। ਇਨ੍ਹਾਂ 'ਚੋਂ 73 ਮਹਿਲਾ ਉਮੀਦਵਾਰ ਵੀ ਸ਼ਾਮਲ ਹਨ।

ਇਹ ਵੀ ਪੜ੍ਹੋ : ਪੰਜਾਂ ਰਾਜਾਂ 'ਚ ਭਾਜਪਾ ਦੀ ਪ੍ਰਚੰਡ ਲਹਿਰ, ਅਸੀਂ ਭਾਰੀ ਬਹੁਮਤ ਨਾਲ ਜਿੱਤਾਂਗੇ : PM ਮੋਦੀ

ਸੂਬੇ ਦੇ ਮੁੱਖ ਚੋਣ ਕਮਿਸ਼ਨ ਅਧਿਕਾਰੀ ਅਜੇ ਕੁਮਾਰ ਸ਼ੁਕਲਾ ਨੇ ਦੱਸਿਆ ਕਿ ਚੋਣ ਕਮਿਸ਼ਨ ਨੇ ਨਿਰਪੱਖ, ਸੁਰੱਖਿਅਤ ਅਤੇ ਸ਼ਾਂਤੀਪੂਰਨ ਢੰਗ ਨਾਲ ਚੋਣਾਂ ਕਰਵਾਉਣ ਲਈ ਪੂਰੇ ਇੰਤਜ਼ਾਮ ਅਤੇ ਸੁਰੱਖਿਆ ਵਿਵਸਥਾ ਯਕੀਨੀ ਕੀਤੀ ਹੈ। ਕੋਰੋਨਾ ਦੇ ਮੱਦੇਨਜ਼ਰ ਵੋਟਿੰਗ ਕੇਂਦਰਾਂ 'ਤੇ ਥਰਮਲ ਸਕੈਨਰ, ਸੈਨੇਟਾਈਜ਼ਰ, ਗਲਵਜ਼, ਫੇਸ ਮਾਸਕ, ਫੇਸ ਸ਼ੀਲਡ, ਪੀ.ਪੀ.ਈ. ਕਿਟ, ਸਾਬਣ, ਪਾਣੀ ਦੀ ਪੂਰੀ ਮਾਤਰਾ 'ਚ ਵਿਵਸਥਾ ਕੀਤੀ ਗਈ ਹੈ। ਉਨ੍ਹਾਂ ਦੱਸਿਆ ਕਿ ਪਹਿਲੇ ਗੜੇ 'ਚ ਹੋਣ ਵਾਲੀ ਵੋਟਿੰਗ 'ਚ 2.28 ਕਰੋੜ ਯੋਗ ਵੋਟਰ ਹਨ। ਇਨ੍ਹਾਂ 'ਚੋਂ 1.24 ਕਰੋੜ ਪੁਰਸ਼, 1.04 ਕਰੋੜ ਔਰਤਾਂ ਅਤੇ 1448 ਟਰਾਂਸਜੈਂਡਰ ਵੋਟਰ ਹਨ। ਉਨ੍ਹਾਂ ਦੱਸਿਆ ਕਿ ਵੋਟਰ ਪਛਾਣ ਪੱਤਰ ਨਹੀਂ ਹੋਣ 'ਤੇ ਆਧਾਰ ਕਾਰਡ, ਮਨਰੇਗਾ ਜੌਬ ਕਾਰਡ, ਪੈਨ ਕਾਰਡ ਅਤੇ ਡਰਾਈਵਿੰਗ ਲਾਇਸੈਂਸ ਸਮੇਤ 12 ਵਿਕਲਪਾਂ ਦਾ ਇਸਤੇਮਾਲ ਕਰ ਕੇ ਵੋਟ ਪਾ ਸਕੇਗਾ। ਸਾਲ 2017 'ਚ ਹੋਈਆਂ ਵਿਧਾਨ ਸਭਾ ਚੋਣਾਂ 'ਚ ਭਾਜਪਾ ਨੇ ਪਹਿਲੇ ਗੇੜ ਦੀਆਂ 58 'ਚੋਂ 53 ਸੀਟਾਂ 'ਤੇ ਜਿੱਤ ਹਾਸਲ ਕੀਤੀ ਸੀ, ਜਦੋਂ ਕਿ ਸਮਾਜਵਾਦੀ ਪਾਰਟੀ ਅਤੇ ਬਹੁਜਨ ਸਮਾਜ ਪਾਰਟੀ ਨੂੰ 2-2 ਸੀਟਾਂ ਮਿਲੀਆਂ ਸਨ। ਇਸ ਤੋਂ ਇਲਾਵਾ ਰਾਸ਼ਟਰੀ ਲੋਕਦਲ ਦਾ ਵੀ ਇਕ ਉਮੀਦਵਾਰ ਜਿੱਤਿਆ ਸੀ।

ਨੋਟ : ਇਸ ਖ਼ਬਰ ਸੰਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਬਾਕਸ 'ਚ ਦਿਓ ਜਵਾਬ


DIsha

Content Editor

Related News