ਪਾਕਿ ਫੌਜ ਨੇ ਮੂਹਰਲੀਆਂ ਚੌਕੀਆਂ ਅਤੇ ਪਿੰਡਾਂ ''ਤੇ ਦਾਗੇ ਗੋਲੇ
Sunday, Nov 24, 2019 - 01:08 AM (IST)
ਰਾਜੌਰੀ, (ਸ. ਹ, ਭਾਸ਼ਾ)— ਪਾਕਿਸਤਾਨ ਦੀ ਫੌਜ ਨੇ ਸ਼ਨੀਵਾਰ ਜੰਮੂ-ਕਸ਼ਮੀਰ ਦੇ ਰਾਜੌਰੀ, ਸੁੰਦਰਬਨੀ ਅਤੇ ਨੌਸ਼ਹਿਰਾ ਸੈਕਟਰ ਵਿਚ ਕੰਟਰੋਲ ਰੇਖਾ ਨੇੜੇ ਮੂਹਰਲੀਆਂ ਚੌਕੀਆਂ ਅਤੇ ਪਿੰਡਾਂ 'ਤੇ ਗੋਲੇ ਦਾਗ ਕੇ ਗੋਲੀਬੰਦੀ ਦੀ ਉਲੰਘਣਾ ਕੀਤੀ। ਭਾਰਤੀ ਫੌਜ ਨੇ ਇਸ ਕਾਰਵਾਈ ਦਾ ਮੂੰਹ-ਤੋੜ ਜਵਾਬ ਦਿੱਤਾ।
ਰੱਖਿਆ ਮੰਤਰਾਲਾ ਦੇ ਇਕ ਬੁਲਾਰੇ ਨੇ ਕਿਹਾ ਕਿ ਸ਼ਨੀਵਾਰ ਸਵੇਰੇ 11.30 ਵਜੇ ਪਾਕਿਸਤਾਨ ਨੇ ਅਚਾਨਕ ਹੀ ਪਹਿਲਾਂ ਛੋਟੇ ਹਥਿਆਰਾਂ ਨਾਲ ਫਾਇਰਿੰਗ ਸ਼ੁਰੂ ਕੀਤੀ। ਉਸ ਤੋਂ ਬਾਅਦ ਮੋਰਟਾਰ ਰਾਹੀਂ ਗੋਲੇ ਦਾਗਣੇ ਸ਼ੁਰੂ ਕੀਤੇ। ਰਾਤ ਆਖਰੀ ਖਬਰਾਂ ਆਉਣ ਵੇਲੇ ਤੱਕ ਪਾਕਿਸਤਾਨ ਵਲੋਂ ਗੋਲਾਬਾਰੀ ਜਾਰੀ ਸੀ। ਭਾਰਤੀ ਪਾਸੇ ਵਿਚ ਕਿਸੇ ਤਰ੍ਹਾਂ ਦੇ ਜਾਨੀ ਨੁਕਸਾਨ ਦੀ ਕੋਈ ਰਿਪੋਰਟ ਨਹੀਂ।
ਵਫਦ ਨੂੰ ਪੁਲਵਾਮਾ ਜਾਣ ਦੀ ਨਹੀਂ ਮਿਲੀ ਆਗਿਆ
ਸ਼੍ਰੀਨਗਰ : ਸਾਬਕਾ ਵਿੱਤ ਮੰਤਰੀ ਯਸ਼ੰਵਤ ਸਿਨ੍ਹਾ ਦੀ ਅਗਵਾਈ ਹੇਠ ਸਿਵਲ ਸੋਸਾਇਟੀ ਦੇ 5 ਮੈਂਬਰੀ ਵਫਦ ਨੂੰ ਅੱਤਵਾਦੀ ਹਮਲੇ ਦੇ ਡਰ ਕਾਰਣ ਪੁਲਸ ਨੇ ਸ਼ਨੀਵਾਰ ਪੁਲਵਾਮਾ ਜਾਣ ਦੀ ਆਗਿਆ ਨਹੀਂ ਦਿੱਤੀ। ਸਾਬਕਾ ਮੁੱਖ ਸੂਚਨਾ ਕਮਿਸ਼ਨਰ ਅਤੇ ਕੰਸਰਨਡ ਸਿਟੀਜ਼ਨ ਗਰੁੱਪ ਦੇ ਮੈਂਬਰ ਵਜਾਹਤ ਹਬੀਬ ਉੱਲਾ ਨੇ ਕਿਹਾ ਕਿ ਸਾਡੀ ਪੁਲਵਾਮਾ ਜਾਣ ਦੀ ਯੋਜਨਾ ਸੀ ਪਰ ਪੁਲਸ ਦੇ ਉਪ ਮੁਖੀ (ਸੁਰੱਖਿਆ) ਨੇ ਕਿਹਾ ਕਿ ਹਾਲਾਤ ਠੀਕ ਨਹੀਂ ਹਨ। ਉਥੇ ਅੱਤਵਾਦੀ ਹਮਲਾ ਹੋ ਸਕਦਾ ਹੈ। ਇਸ ਲਈ ਗਰੁੱਪ ਨੇ ਉਥੇ ਨਾ ਜਾਣ ਦਾ ਫੈਸਲਾ ਕੀਤਾ। ਸਾਨੂੰ ਸ਼੍ਰੀਨਗਰ ਤੋਂ ਬਾਹਰ ਕਿਤੇ ਵੀ ਨਾ ਜਾਣ ਲਈ ਕਿਹਾ ਗਿਆ ਹੈ।
