ਬਿਹਾਰ ’ਚ ਭੋਜਪੁਰੀ ਗਾਇਕ ਦੇ ਘਰ ’ਤੇ ਗੋਲੀਬਾਰੀ
Monday, Oct 26, 2026 - 05:39 PM (IST)
ਜਹਾਨਾਬਾਦ (ਏਜੰਸੀ) - ਬਿਹਾਰ ਦੇ ਜਹਾਨਾਬਾਦ ਜ਼ਿਲੇ ਦੇ ਕੋਰਟ ਏਰੀਆ ’ਚ ਭੋਜਪੁਰੀ ਗਾਇਕ ਅਭਿਸ਼ੇਕ ਸਿੰਘ ਦੇ ਘਰ ’ਤੇ ਅਣਪਛਾਤੇ ਹਮਲਾਵਰਾਂ ਨੇ 4-5 ਗੋਲੀਆਂ ਚਲਾਈਆਂ। ਘਟਨਾ ’ਚ ਕੋਈ ਜਾਨੀ-ਮਾਲੀ ਨੁਕਸਾਨ ਨਹੀਂ ਹੋਇਆ। ਪੁਲਸ ਨੇ ਸੋਮਵਾਰ ਨੂੰ ਇਹ ਜਾਣਕਾਰੀ ਦਿੱਤੀ। ਪੁਲਸ ਅਨੁਸਾਰ, ਹਮਲਾਵਰਾਂ ਨੇ ਤੜਕੇ ਗਾਇਕ ਦੇ ਘਰ ਦੇ ਬਾਹਰ ਖੜ੍ਹੀ ਉਨ੍ਹਾਂ ਦੀ ਕਾਰ ਦੀ ਭੰਨਤੋੜ ਕੀਤੀ ਤੇ ਮੌਕੇ ਤੋਂ ਫਰਾਰ ਹੋ ਗਏ। ਘਟਨਾ ਸਥਾਨ ਤੋਂ ਕਾਰਤੂਸ ਦੇ ਖੋਲ ਵੀ ਬਰਾਮਦ ਕੀਤੇ ਗਏ ਹਨ।
ਅਭਿਸ਼ੇਕ ਸਿੰਘ ਨੇ ਪੱਤਰਕਾਰਾਂ ਨਾਲ ਗੱਲਬਾਤ ਦੌਰਾਨ ਭੋਜਪੁਰੀ ਦੇ ਇਕ ਹੋਰ ਗਾਇਕ ’ਤੇ ਘਟਨਾ ’ਚ ਸ਼ਮੂਲੀਅਤ ਦਾ ਦੋਸ਼ ਲਾਇਆ। ਉਨ੍ਹਾਂ ਦਾਅਵਾ ਕੀਤਾ ਕਿ ਉਨ੍ਹਾਂ ਦੋਵਾਂ ਵਿਚਾਲੇ ਵਿਵਾਦ ਚੱਲ ਰਿਹਾ ਹੈ ਅਤੇ ਸਬੰਧਤ ਗਾਇਕ ਨੇ ਐਤਵਾਰ ਰਾਤ ਉਨ੍ਹਾਂ ਨੂੰ ਧਮਕੀ ਭਰੇ ਮੈਸੇਜ ਵੀ ਭੇਜੇ ਸਨ। ਜਹਾਨਾਬਾਦ ਦੇ ਸਬ-ਡਵੀਜ਼ਨਲ ਪੁਲਸ ਅਧਿਕਾਰੀ (ਐੱਸ. ਡੀ. ਪੀ. ਓ.) ਅਨੀਕੇਤ ਕੁਮਾਰ ਦਿਵੇਦੀ ਨੇ ਦੱਸਿਆ ਕਿ ਅਭਿਸ਼ੇਕ ਦੇ ਬਿਆਨ ਦੇ ਆਧਾਰ ’ਤੇ ਐੱਫ. ਆਈ. ਆਰ. ਦਰਜ ਕਰ ਲਈ ਗਈ ਹੈ।
