ਦੀਵਾਲੀ ’ਤੇ ਆਤਿਸ਼ਬਾਜ਼ੀ ਕਾਰਨ ਹਰਿਆਣਾ ਦੇ 16 ਸ਼ਹਿਰਾਂ ਦੀ ਹਵਾ ਹੋਈ ‘ਗੰਦਲੀ’, AQI 300 ਦੇ ਪਾਰ
Wednesday, Oct 26, 2022 - 04:22 PM (IST)
ਚੰਡੀਗੜ੍ਹ(ਵਿਜੇ ਗੌੜ)– ਦੀਵਾਲੀ ਦੀ ਰਾਤ ਹਰਿਆਣਾ ’ਚ ਜੰਮ ਕੇ ਆਤਿਸ਼ਬਾਜ਼ੀ ਹੋਈ, ਜਿਸ ਕਾਰਨ 16 ਸ਼ਹਿਰਾਂ ਦੀ ਹਵਾ ਗੁਣਵੱਤਾ ਸੂਚਕਾਂਕ (AQI) ਬਹੁਤ ਖਰਾਬ ਪੱਧਰ ’ਤੇ ਪਹੁੰਚ ਗਿਆ ਹੈ। ਕੇਂਦਰੀ ਪ੍ਰਦੂਸ਼ਣ ਕੰਟਰੋਲ ਬੋਰਡ (CPCB) ਵਲੋਂ ਮੰਗਲਵਾਰ ਸ਼ਾਮ ਨੂੰ ਜਾਰੀ ਕੀਤੀ ਗਈ ਰਿਪੋਰਟ ਮੁਤਾਬਕ 24 ਘੰਟਿਆਂ ਦੌਰਾਨ ਧਾਰੂਹੇੜਾ ਅਤੇ ਕੁਰੂਕਸ਼ੇਤਰ ਸਭ ਤੋਂ ਵੱਧ ਪ੍ਰਦੂਸ਼ਿਤ ਸ਼ਹਿਰ ਰਹੇ। ਧਾਰੂਹੇੜਾ ਦਾ AQI 318 ਅਤੇ ਕੁਰੂਕਸ਼ੇਤਰ ਦਾ AQI 301 ਦਰਜ ਕੀਤਾ ਗਿਆ। ਇਨ੍ਹਾਂ ਦੋਹਾਂ ਸ਼ਹਿਰਾਂ ਦਾ AQI ਬਹੁਤ ਖ਼ਰਾਬ ਪੱਧਰ ਤੱਕ ਪਹੁੰਚ ਚੁੱਕਾ। ਇਨ੍ਹਾਂ ਤੋਂ ਇਲਾਵਾ ਸੂਬੇ ਦੇ 14 ਹੋਰ ਸ਼ਹਿਰ ਅਜਿਹੇ ਵੀ ਹਨ, ਜਿਨ੍ਹਾਂ ਦਾ AQI ਖ਼ਰਾਬ ਪੱਧਰ ’ਤੇ ਪਹੁੰਚ ਗਿਆ ਹੈ।
ਰਾਸ਼ਟਰੀ ਰਾਜਧਾਨੀ ਖੇਤਰ (NCR) ਅਧੀਨ ਆਉਣ ਵਾਲੇ ਹਰਿਆਣਾ ਦੇ ਕਈ ਜ਼ਿਲ੍ਹਿਆਂ ਦੀ ਹਾਲਤ ਪਟਾਕੇ ਚਲਾਉਣ ਕਰ ਕੇ ਖਰਾਬ ਹੋ ਗਈ ਹੈ। ਹਾਲਾਂਕਿ NCR ’ਚ ਕਈ ਤਰ੍ਹਾਂ ਦੀਆਂ ਪਾਬੰਦੀਆਂ ਵੀ ਲਾਈਆਂ ਜਾ ਚੁੱਕੀਆਂ ਸਨ। ਇੰਨਾ ਨਹੀਂ ਵਾਰ-ਵਾਰ ਪ੍ਰਦੇਸ਼ ਸਰਕਾਰ ਵਲੋਂ ਲੋਕਾਂ ਨੂੰ ਜਾਗਰੂਕ ਕਰਨ ਲਈ ਕਈ ਮੁਹਿੰਮਾਂ ਵੀ ਚਲਾਈਆਂ ਗਈਆਂ ਪਰ ਬਾਵਜੂਦ ਇਸ ਦੇ ਹਵਾ ਪ੍ਰਦੂਸ਼ਣ ਦਾ ਪੱਧਰ ਵਧਿਆ ਹੋਇਆ ਦਰਜ ਕੀਤਾ ਗਿਆ। ਇਸ ਦਾ ਅਸਰ ਰਾਜਧਾਨੀ ਦਿੱਲੀ ਦੇ AQI ’ਤੇ ਵੀ ਪਿਆ ਹੈ। ਆਉਣ ਵਾਲੇ ਦਿਨਾਂ ਵਿਚ ਹਵਾ ਪ੍ਰਦੂਸ਼ਣ ਦਾ ਪੱਧਰ ਹੋਰ ਵੀ ਗੰਭੀਰ ਹੋਣ ਦਾ ਅਨੁਮਾਨ ਹੈ।