ਇੱਥੇ ਰਾਤ ਨੂੰ ਲੱਗਦੈ ਜੁਗਨੂੰਆਂ ਦਾ ਮੇਲਾ!
Saturday, Jan 05, 2019 - 11:49 AM (IST)

ਅਹਿਮਦਨਗਰ- ਅੱਜ-ਕਲ ਦੇ ਬੱਚੇ ਤਾਂ ਅਜਿਹੀਆਂ ਚੀਜ਼ਾਂ ਨੂੰ ਦੇਖਣਾ ਹੀ ਭੁੱਲ ਗਏ ਹਨ, ਜੋ ਸਾਡੇ ਆਲੇ-ਦੁਆਲੇ ਸਹਿਜੇ ਹੀ ਨਜ਼ਰ ਆ ਜਾਂਦੀਆਂ ਹਨ। ਕੰਕਰੀਟ ਦੇ ਵਧਦੇ ਜੰਗਲ ’ਚ ਤਾਰੇ ਦੇਖਣਾ ਹੀ ਨਸੀਬ ਨਹੀਂ ਹੁੰਦਾ ਤਾਂ ਹੋਰ ਕੁਦਰਤੀ ਚੀਜ਼ਾਂ ਦਾ ਆਨੰਦ ਕਿਵੇਂ ਲਿਆ ਜਾ ਸਕਦਾ ਹੈ। ਅੱਜ ਅਸੀਂ ਦੱਸ ਰਹੇ ਹਾਂ ਇਕ ਅਜਿਹੀ ਥਾਂ ਜਿਥੇ ਜੁਗਨੂੰਆਂ ਵਿਚਾਲੇ ਰਾਤ ਗੁਜ਼ਾਰ ਸਕਦੇ ਹੋ ਕਿਉਂਕਿ ਇਥੇ ਰਾਤ ਨੂੰ ਲੱਗਦਾ ਹੈ ਜੁਗਨੂੰਆਂ ਦਾ ਮੇਲਾ।
ਮਹਾਰਾਸ਼ਟਰ ਦੇ ਅਹਿਮਦਨਗਰ ਦਾ ਪੁਰਸ਼ਵਾੜੀ ਇਕਲੌਤਾ ਅਜਿਹਾ ਪਿੰਡ ਹੈ ਜਿਥੇ ਸੈਲਾਨੀ ਦਿਨ ਦੀ ਥਾਂ ਰਾਤ ਨੂੰ ਘੁੰਮਣਾ ਪਸੰਦ ਕਰਦੇ ਹਨ। ਇਥੇ ਜੁਗਨੂੰਆਂ ਨੂੰ ਦੇਖਣ ਲਈ ਦੁਨੀਆ ਭਰ ਤੋਂ ਸੈਲਾਨੀ ਆਉਂਦੇ ਹਨ। ਇਹ ਪਿੰਡ ਮੁੰਬਈ ਤੋਂ 220 ਕਿਲੋਮੀਟਰ ਦੂਰ ਹੈ। ਇਕ ਸੰਸਥਾ ਵਲੋਂ ਇਸ ਪਿੰਡ ਨੂੰ ਲਾਈਮਲਾਈਟ ’ਚ ਵੀ ਲਿਆਂਦਾ ਜਾ ਰਿਹਾ ਹੈ। ਇਸ ਨਾਲ ਪਿੰਡ ਦੇ ਲੋਕਾਂ ਨੂੰ ਵੀ ਆਪਣਾ ਕੰਮ ਵਧਾਉਣ ’ਚ ਮਦਦ ਮਿਲ ਰਹੀ ਹੈ। ਇਥੇ ਤੁਹਾਨੂੰ ਦੇਸੀ ਮਹਾਰਾਸ਼ਟਰੀਅਨ ਖਾਣਾ ਮਿਲੇਗਾ ਜਿਸ ਵਿਚ ਪੂਰਨ ਪੋਲੀ ਦਾ ਸਵਾਦ ਤੁਸੀਂ ਭੁਲਾ ਨਹੀਂ ਸਕੋਗੇ। ਗਰਮ ਪਾਵ-ਭਾਜੀ ਇਸ ਟੂਰ ਨੂੰ ਹੋਰ ਯਾਦਗਾਰੀ ਬਣਾ ਦੇਵੇਗੀ। ਸੈਲਾਨੀਆਂ ਲਈ ਇਥੇ ਕੈਂਪ ਲਗਾਏ ਜਾਂਦੇ ਹਨ। ਪਿੰਡ ’ਚ ਅਜੇ ਤੱਕ ਕੋਈ ਲਗਜ਼ਰੀ ਰਿਜ਼ੋਰਟ ਨਹੀਂ ਹੈ। ਰਾਤ ਵੇਲੇ ਇਥੇ ਰੁਕਣਾ ਤੁਹਾਡੇ ਲਈ ਯਾਦਗਾਰੀ ਤਜਰਬਾ ਰਹੇਗਾ। ਪਿੰਡ ਦੇ ਤਿਉਹਾਰ ’ਚ ਭਾਗ ਲੈ ਕੇ ਤਰ੍ਹਾਂ-ਤਰ੍ਹਾਂ ਦੀਆਂ ਮਜ਼ੇਦਾਰ ਖੇਡਾਂ ਵੀ ਖੇਡ ਸਕਦੇ ਹੋ। ਤੁਸੀਂ ਇਸ ਪਿੰਡ ਦੀਆਂ ਝੀਲਾਂ ਅਤੇ ਘਾਟੀਆਂ ਦੇ ਸੁੰਦਰ ਨਜ਼ਾਰਿਆਂ ਦਾ ਵੀ ਆਨੰਦ ਉਠਾ ਸਕਦੇ ਹੋ। ਇਸ ਮੇਲੇ ਦੀ ਜ਼ਿੰਮੇਵਾਰੀ ਪਿੰਡ ਦੇ ਲੋਕਾਂ ਦੇ ਹੱਥਾਂ ’ਚ ਹੈ।