ਅੱਧੀ ਰਾਤੀਂ ਲੱਗੀ ਭਿਆਨਕ ਅੱਗ ਨੇ ਮਚਾਇਆ ਤਾਂਡਵ ! ਸੁੱਤੀ ਪਈ ਔਰਤ ਦੀ ਹੋਈ ਦਰਦਨਾਕ ਮੌਤ
Thursday, Jan 29, 2026 - 05:08 PM (IST)
ਨੈਸ਼ਨਲ ਡੈਸਕ- ਝਾਰਖੰਡ ਤੋਂ ਇਕ ਮੰਦਭਾਗੀ ਖ਼ਬਰ ਸਾਹਮਣੇ ਆ ਰਹੀ ਹੈ, ਜਿੱਥੋਂ ਦੇ ਜਮਸੇਦਪੁਰ ਵਿਖੇ ਵੀਰਵਾਰ ਤੜਕੇ ਇੱਕ ਦਰਦਨਾਕ ਹਾਦਸਾ ਵਾਪਰਿਆ, ਜਿੱਥੇ ਇੱਕ ਘਰ ਵਿੱਚ ਅੱਗ ਲੱਗਣ ਕਾਰਨ 85 ਸਾਲਾ ਸ਼ੋਭਾ ਮੁਖਰਜੀ ਦੀ ਮੌਤ ਹੋ ਗਈ। ਇਹ ਹਾਦਸਾ ਸੀਤਾਰਾਮਡੇਰਾ ਥਾਣਾ ਖੇਤਰ ਦੇ ਇੰਦਰਾ ਨਗਰ ਵਿੱਚ ਤੜਕੇ ਕਰੀਬ ਦੋ ਵਜੇ ਵਾਪਰਿਆ।
ਪੁਲਸ ਅਧਿਕਾਰੀਆਂ ਅਨੁਸਾਰ, ਜਿਸ ਸਮੇਂ ਅੱਗ ਲੱਗੀ ਉਸ ਵੇਲੇ ਪਰਿਵਾਰ ਦੇ ਮੈਂਬਰ ਸੁੱਤੇ ਪਏ ਸਨ। ਅੱਗ ਲੱਗਣ ਦਾ ਪਤਾ ਲੱਗਦਿਆਂ ਹੀ ਪਰਿਵਾਰ ਦੇ ਹੋਰ ਮੈਂਬਰ ਤਾਂ ਸੁਰੱਖਿਅਤ ਬਾਹਰ ਨਿਕਲ ਗਏ, ਪਰ ਬਜ਼ੁਰਗ ਔਰਤ ਘਰੋਂ ਬਾਹਰ ਨਹੀਂ ਨਿਕਲ ਸਕੀ, ਜਿਸ ਕਾਰਨ ਉਸ ਦੀ ਸੜ ਜਾਣ ਕਾਰਨ ਮੌਤ ਹੋ ਗਈ। ਸਥਾਨਕ ਲੋਕਾਂ ਨੇ ਧੂੰਆਂ ਨਿਕਲਦਾ ਦੇਖ ਫਾਇਰ ਬ੍ਰਿਗੇਡ ਨੂੰ ਸੂਚਿਤ ਕੀਤਾ ਸੀ।
ਮ੍ਰਿਤਕਾ ਦੀ ਬੇਟੀ ਨੇ ਇਲਜ਼ਾਮ ਲਗਾਇਆ ਹੈ ਕਿ ਜੇਕਰ ਫਾਇਰ ਬ੍ਰਿਗੇਡ ਦੀ ਟੀਮ ਸਮੇਂ ਸਿਰ ਪਹੁੰਚ ਜਾਂਦੀ, ਤਾਂ ਉਸ ਦੀ ਮਾਂ ਦੀ ਜਾਨ ਬਚਾਈ ਜਾ ਸਕਦੀ ਸੀ। ਇਸ ਹਾਦਸੇ ਵਿੱਚ ਘਰ ਦਾ ਸਾਰਾ ਸਾਮਾਨ ਅਤੇ ਬਿਸਤਰੇ ਸੜ ਕੇ ਸੁਆਹ ਹੋ ਗਏ ਹਨ। ਸੀਤਾਰਾਮਡੇਰਾ ਥਾਣਾ ਇੰਚਾਰਜ ਨਿਰੰਜਨ ਕੁਮਾਰ ਨੇ ਦੱਸਿਆ ਕਿ ਮੁੱਢਲੀ ਜਾਂਚ ਮੁਤਾਬਕ ਅੱਗ ਲੱਗਣ ਦਾ ਮੁੱਖ ਕਾਰਨ ਸ਼ਾਰਟ ਸਰਕਟ ਪ੍ਰਤੀਤ ਹੁੰਦਾ ਹੈ। ਪੁਲਸ ਨੇ ਲਾਸ਼ ਨੂੰ ਪੋਸਟਮਾਰਟਮ ਲਈ ਭੇਜ ਦਿੱਤਾ ਹੈ ਅਤੇ ਮਾਮਲੇ ਦੀ ਡੂੰਘਾਈ ਨਾਲ ਜਾਂਚ ਕੀਤੀ ਜਾ ਰਹੀ ਹੈ।
