ਘਰ ''ਚ ਲੱਗੀ ਭਿਆਨਕ ਅੱਗ ਨੇ ਮਚਾਇਆ ਤਾਂਡਵ ! ਅੰਦਰ ਸੁੱਤੀਆਂ 2 ਭੈਣਾਂ ਦੀ ਹੋਈ ਦਰਦਨਾਕ ਮੌਤ
Wednesday, Dec 10, 2025 - 04:23 PM (IST)
ਨੈਸ਼ਨਲ ਡੈਸਕ- ਰਾਜਸਥਾਨ ਤੋਂ ਇਕ ਮੰਦਭਾਗੀ ਖ਼ਬਰ ਸਾਹਮਣੇ ਆ ਰਹੀ ਹੈ, ਜਿੱਥੋਂ ਦੇ ਸਵਾਈ ਮਾਧੋਪੁਰ ਜ਼ਿਲ੍ਹੇ ਵਿੱਚ ਇਕ ਝੌਂਪੜੀ ਵਾਲੇ ਘਰ ਵਿੱਚ ਅੱਗ ਲੱਗਣ ਕਾਰਨ 14 ਅਤੇ 8 ਸਾਲ ਦੀਆਂ ਦੋ ਭੈਣਾਂ ਦੀ ਬੁਰੀ ਤਰ੍ਹਾਂ ਝੁਲਸ ਜਾਣ ਕਾਰਨ ਦਰਦਨਾਕ ਮੌਤ ਹੋ ਗਈ।
ਜਾਣਕਾਰੀ ਅਨੁਸਾਰ ਮੰਗਲਵਾਰ ਰਾਤ ਨੂੰ ਮਲਾਰਨਾ ਡੂੰਗਰ ਇਲਾਕੇ ਵਿੱਚ ਅੱਗ ਲੱਗ ਗਈ ਜਦੋਂ ਪ੍ਰਿਆ (14) ਅਤੇ ਉਸ ਦੀ ਭੈਣ ਪੂਜਾ (8) ਇੱਕ ਕਮਰੇ ਵਿੱਚ ਸੁੱਤੀਆਂ ਪਈਆਂ ਸਨ। ਪੁਲਸ ਨੇ ਦੱਸਿਆ ਕਿ ਜਦੋਂ ਹਾਦਸਾ ਵਾਪਰਿਆ ਤਾਂ ਉਨ੍ਹਾਂ ਦੇ ਦਾਦਾ-ਦਾਦੀ ਘਰ ਦੇ ਬਾਹਰ ਸੁੱਤੇ ਪਏ ਸਨ। ਜੇਕਰ ਉਹ ਵੀ ਅੰਦਰ ਹੰਦੇ ਤਾਂ ਹੋਰ ਜਾਨੀ ਨੁਕਸਾਨ ਹੋ ਸਕਦਾ ਸੀ।
ਹਾਦਸੇ ਸਮੇਂ ਮ੍ਰਿਤਕ ਭੈਣਾਂ ਦੇ ਮਾਤਾ ਪਿਤਾ ਗੰਗਾਪੁਰ ਵਿੱਚ ਇੱਕ ਪ੍ਰੋਗਰਾਮ ਵਿੱਚ ਸ਼ਾਮਲ ਹੋਣ ਲਈ ਗਏ ਹੋਏ ਸਨ। ਪੁਲਸ ਨੇ ਦੱਸਿਆ ਕਿ ਲਾਸ਼ਾਂ ਪੋਸਟਮਾਰਟਮ ਤੋਂ ਬਾਅਦ ਬੁੱਧਵਾਰ ਨੂੰ ਪਰਿਵਾਰ ਨੂੰ ਸੌਂਪ ਦਿੱਤੀਆਂ ਗਈਆਂ ਹਨ। ਪਰ ਅੱਗ ਕਿਵੇਂ ਲੱਗੀ, ਇਸ ਦੇ ਕਾਰਨਾਂ ਦਾ ਹਾਲੇ ਪਤਾ ਨਹੀਂ ਲੱਗ ਸਕਿਆ ਹੈ।
