ਗੈਰ-ਕਾਨੂੰਨੀ ਫੋਨ ਟੈਪਿੰਗ ਮਾਮਲਾ : ਮੁੰਬਈ ਦੇ ਸਾਬਕਾ ਪੁਲਸ ਕਮਿਸ਼ਨਰ ਵਿਰੁੱਧ FIR ਦਰਜ

07/09/2022 1:30:46 PM

ਨਵੀਂ ਦਿੱਲੀ (ਭਾਸ਼ਾ)- ਕੇਂਦਰੀ ਜਾਂਚ ਬਿਊਰੋ (ਸੀ.ਬੀ.ਆਈ.) ਨੇ ਸ਼ੇਅਰ ਬਾਜ਼ਾਰ ਦੇ ਮੁਲਾਜ਼ਮਾਂ ਦੇ ਕਥਿਤ ਗੈਰ-ਕਾਨੂੰਨੀ ਫੋਨ ਟੈਪਿੰਗ ਦੇ ਮਾਮਲੇ ’ਚ ਮੁੰਬਈ ਦੇ ਸਾਬਕਾ ਪੁਲਸ ਕਮਿਸ਼ਨਰ ਸੰਜੇ ਪਾਂਡੇ ਅਤੇ ਐੱਨ. ਐੱਸ. ਈ. ਦੇ ਸਾਬਕਾ ਐੱਮ. ਬੀ. ਅਤੇ ਸੀ. ਈ. ਓ. ਚਿੱਤਰਾ ਵਿਰੁੱਧ ਐੱਫ. ਆਈ. ਆਰ. ਦਰਜ ਕੀਤੀ ਹੈ। ਅਧਿਕਾਰੀਆਂ ਨੇ ਇਹ ਜਾਣਕਾਰੀ ਦਿੱਤੀ। ਉਨ੍ਹਾਂ ਦੱਸਿਆ ਕਿ ਸੀ.ਬੀ.ਆਈ. ਦੀ ਕਾਰਵਾਈ ਕੇਂਦਰੀ ਗ੍ਰਹਿ ਮੰਤਰਾਲਾ ਵੱਲੋਂ ਸ਼ਿਕਾਇਤ ਮਿਲਣ ਤੋਂ ਬਾਅਦ ਹੋਈ ਹੈ। ਪਾਂਡੇ ਅਤੇ ਚਿੱਤਰਾ ਦੇ ਨਾਲ-ਨਾਲ ਸੀ. ਬੀ. ਆਈ. ਨੇ ਇਸ ਮਾਮਲੇ ’ਚ ਨੈਸ਼ਨਲ ਸਟਾਕ ਐਕਸਚੇਂਜ ਦੇ ਇਕ ਹੋਰ ਸੀ. ਈ. ਓ. ਰਵੀ ਨਾਰਾਇਣ ਨੂੰ ਵੀ ਨਾਮਜ਼ਦ ਕੀਤਾ ਹੈ। ਪਾਂਡੇ ਅਤੇ ਰਾਮਕ੍ਰਿਸ਼ਨ ਫਿਲਹਾਲ ਕੋ-ਲੋਕੇਸ਼ਨ ਘਪਲੇ ਦੇ ਸਿਲਸਿਲੇ 'ਚ ਨਿਆਇਕ ਹਿਰਾਸਤ 'ਚ ਹਨ। ਅਧਿਕਾਰੀਆਂ ਨੇ ਕਿਹਾ ਕਿ ਸੀ.ਬੀ.ਆਈ. ਪਾਂਡੇ ਖ਼ਿਲਾਫ਼ ਦਰਜ ਐੱਫ.ਆਈ.ਆਰ. ਦੇ ਸਿਲਸਿਲੇ 'ਚ ਦਿੱਲੀ, ਮੁੰਬਈ, ਪੁਣੇ, ਲਖਨਊ ਅਤੇ ਚੰਡੀਗੜ੍ਹ ਸਮੇਤ 20 ਤੋਂ ਵੱਧ ਥਾਵਾਂ ’ਤੇ ਛਾਪੇ ਮਾਰੇ ਹਨ।

ਸੀ.ਬੀ.ਆਈ. ਨੇ ਦੱਸਿਆ ਕਿ ਦੋਸ਼ ਹੈ ਕਿ ਕੁਝ ਹੋਰ ਕੰਪਨੀਆਂ ਨਾਲ ਐੱਨ.ਐੱਸ.ਈ. ਦਾ ਸੁਰੱਖਿਆ ਆਡਿਟ ਕਰਨ ਵਾਲੀ ਆਈਸੇਕ ਸਕਿਓਰਿਟੀਜ਼ ਪ੍ਰਾਈਵੇਟ ਲਿਮਟਿਡ ਨੇ 2009 ਤੋਂ 2017 ਦੌਰਾਨ ਐੱਨ.ਐੱਸ.ਈ. ਕਰਮਚਾਰੀਆਂ ਦੇ ਫ਼ੋਨ ਗੈਰ-ਕਾਨੂੰਨੀ ਰੂਪ ਨਾਲ ਟੈਪ ਕੀਤੇ ਸਨ। ਕੰਪਨੀ ਨੇ ਉਸ ਸਮੇਂ ਨੇੜੇ-ਤੇੜੇ ਇਹ ਆਡਿਟ ਕੀਤਾ ਸੀ, ਜਦੋਂ ਕੋ-ਲੋਕੇਸ਼ਨ ਬੇਨਿਯਮੀਆਂ ਹੋਈਆਂ ਸਨ। ਮਾਰਚ 2002 'ਚ ਪਾਂਡੇ ਨੇ ਇਹ ਕੰਪਨੀ ਖੜ੍ਹੀ ਕੀਤੀ ਸੀ ਅਤੇ ਮਈ 2006 'ਚ ਉਨ੍ਹਾਂ ਨੇ ਇਸ ਦੇ ਡਾਇਰੈਕਟਰ ਅਹੁਦੇ ਤੋਂ ਅਸਤੀਫ਼ਾ ਦੇ ਦਿੱਤਾ ਸੀ। ਇਸ ਤੋਂ ਬਾਅਦ ਕੰਪਨੀ ਦਾ ਚਾਰਜ ਉਨ੍ਹਾਂ ਦੇ ਪੁੱਤਰ ਅਤੇ ਮਾਂ ਨੇ ਲੈ ਲਿਆ ਸੀ। ਮੰਨਿਆ ਜਾਂਦਾ ਹੈ ਕਿ ਆਈ.ਆਈ.ਟੀ.-ਕਾਨਪੁਰ ਅਤੇ ਹਾਰਵਰਡ ਯੂਨੀਵਰਸਿਟੀ ਤੋਂ ਪੜ੍ਹਾਈ ਕਰਨ ਵਾਲੇ ਪਾਂਡੇ ਨੇ ਸੇਵਾ ਤੋਂ ਅਸਤੀਫ਼ਾ ਦੇਣ ਤੋਂ ਬਾਅਦ ਇਹ ਕੰਪਨੀ ਸਥਾਪਤ ਕੀਤੀ ਸੀ। ਪਾਂਡੇ ਸਾਬਕਾ ਮੁੱਖ ਮੰਤਰੀ ਊਧਵ ਠਾਕਰੇ ਦੀ ਅਗਵਾਈ ਵਾਲੀ ਐੱਮ.ਵੀ.ਏ. ਸਰਕਾਰ ਦੌਰਾਨ ਮੁੰਬਈ ਦੇ ਪੁਲਸ ਕਮਿਸ਼ਨਰ ਸਨ।


DIsha

Content Editor

Related News