''ਆਪ'' ਦੇ 3 ਵੱਡੇ ਨੇਤਾਵਾਂ ''ਤੇ FIR ਦਰਜ, ਧਾਰਮਿਕ ਭਾਵਨਾਵਾਂ ਨੂੰ ਠੇਸ ਪਹੁੰਚਾਉਣ ਦਾ ਦੋਸ਼
Thursday, Dec 25, 2025 - 06:30 PM (IST)
ਨੈਸ਼ਨਲ ਡੈਸਕ : ਦਿੱਲੀ ਪੁਲਸ ਨੇ ਆਮ ਆਦਮੀ ਪਾਰਟੀ ਦੇ ਸੀਨੀਅਰ ਨੇਤਾਵਾਂ ਸੌਰਭ ਭਾਰਦਵਾਜ, ਸੰਜੇ ਝਾਅ ਅਤੇ ਆਦਿਲ ਅਹਿਮਦ ਖਾਨ ਦੇ ਖਿਲਾਫ ਈਸਾਈ ਭਾਈਚਾਰੇ ਦੀਆਂ ਧਾਰਮਿਕ ਭਾਵਨਾਵਾਂ ਨੂੰ ਕਥਿਤ ਤੌਰ 'ਤੇ ਠੇਸ ਪਹੁੰਚਾਉਣ ਦੇ ਦੋਸ਼ ਵਿੱਚ ਪ੍ਰਾਥਮਿਕੀ (FIR) ਦਰਜ ਕੀਤੀ ਹੈ। ਇਹ ਮਾਮਲਾ ਈਸਾਈ ਭਾਈਚਾਰੇ ਦੇ ਪਵਿੱਤਰ ਪ੍ਰਤੀਕ 'ਸਾਂਤਾ ਕਲਾਜ਼' ਦੇ ਕਥਿਤ ਅਪਮਾਨਜਨਕ ਚਿਤਰਣ ਨਾਲ ਜੁੜਿਆ ਹੋਇਆ ਹੈ। ਇਹ ਕਾਰਵਾਈ ਐਡਵੋਕੇਟ ਖੁਸ਼ਬੂ ਜਾਰਜ ਵੱਲੋਂ ਦਰਜ ਕਰਵਾਈ ਗਈ ਸ਼ਿਕਾਇਤ ਦੇ ਆਧਾਰ 'ਤੇ ਕੀਤੀ ਗਈ ਹੈ।
ਸੋਸ਼ਲ ਮੀਡੀਆ 'ਤੇ ਵੀਡੀਓ ਪਾ ਕੇ ਵਿਵਾਦਾਂ 'ਚ ਘਿਰੇ ਨੇਤਾ
ਸ਼ਿਕਾਇਤ ਅਨੁਸਾਰ, ਇਹ ਵਿਵਾਦ 17 ਅਤੇ 18 ਦਸੰਬਰ 2025 ਨੂੰ ਇਨ੍ਹਾਂ ਨੇਤਾਵਾਂ ਦੇ ਅਧਿਕਾਰਤ ਸੋਸ਼ਲ ਮੀਡੀਆ ਅਕਾਊਂਟਸ ਤੋਂ ਸਾਂਝੀ ਕੀਤੀ ਗਈ ਇੱਕ ਵੀਡੀਓ ਤੋਂ ਸ਼ੁਰੂ ਹੋਇਆ। ਇਹ ਵੀਡੀਓ ਦਿੱਲੀ ਦੇ ਕਨਾਟ ਪਲੇਸ ਵਿੱਚ ਆਯੋਜਿਤ ਇੱਕ ਸਿਆਸੀ ਪ੍ਰੋਗਰਾਮ (ਸਕਿਟ) ਦਾ ਹਿੱਸਾ ਸੀ। ਦੋਸ਼ ਹੈ ਕਿ ਇਸ ਵੀਡੀਓ ਵਿੱਚ ਸਾਂਤਾ ਕਲਾਜ਼ ਨੂੰ ਬੇਹੱਦ ਮਜ਼ਾਕੀਆ ਅਤੇ ਅਪਮਾਨਜਨਕ ਤਰੀਕੇ ਨਾਲ ਪੇਸ਼ ਕੀਤਾ ਗਿਆ ਹੈ।
ਵੀਡੀਓ ਵਿੱਚ ਕੀ ਸੀ ਇਤਰਾਜ਼ਯੋਗ?
ਸ਼ਿਕਾਇਤਕਰਤਾ ਨੇ ਦੋਸ਼ ਲਾਇਆ ਹੈ ਕਿ ਵੀਡੀਓ ਵਿੱਚ ਸਾਂਤਾ ਕਲਾਜ਼ ਨੂੰ ਸੜਕ 'ਤੇ ਬੇਹੋਸ਼ ਹੋ ਕੇ ਡਿੱਗਦੇ ਹੋਏ ਦਿਖਾਇਆ ਗਿਆ ਹੈ। ਉਨ੍ਹਾਂ ਨੂੰ ਇੱਕ ਗੰਭੀਰ ਧਾਰਮਿਕ ਸ਼ਖ਼ਸੀਅਤ ਦੀ ਬਜਾਏ ਸਿਆਸੀ ਸੰਦੇਸ਼ ਦੇਣ ਲਈ ਮਹਿਜ਼ ਇੱਕ 'ਪ੍ਰੌਪ' (ਸਾਧਨ) ਵਜੋਂ ਵਰਤਿਆ ਗਿਆ। ਵੀਡੀਓ ਦੇ ਇੱਕ ਹਿੱਸੇ ਵਿੱਚ ਸਾਂਤਾ ਕਲਾਜ਼ ਨੂੰ ਨਕਲੀ CPR (ਜੀਵਨ ਰੱਖਿਅਕ ਪ੍ਰਕਿਰਿਆ) ਦਿੰਦੇ ਹੋਏ ਦਿਖਾਇਆ ਗਿਆ, ਜਿਸ ਨੂੰ ਈਸਾਈ ਸਮਾਜ ਨੇ ਸੇਂਟ ਨਿਕੋਲਸ ਅਤੇ ਕ੍ਰਿਸਮਸ ਦੇ ਤਿਉਹਾਰ ਦੀ ਪਵਿੱਤਰਤਾ ਦਾ ਮਜ਼ਾਕ ਮੰਨਿਆ ਹੈ।
ਬੀ.ਐਨ.ਐਸ. (BNS) ਦੀ ਧਾਰਾ 302 ਤਹਿਤ ਕੇਸ ਦਰਜ ਪੁਲਿਸ ਅਨੁਸਾਰ, ਇਹ ਕਾਰਵਾਈ ਜਾਣਬੁੱਝ ਕੇ ਅਤੇ ਦੁਰਭਾਵਨਾਪੂਰਨ ਤਰੀਕੇ ਨਾਲ ਕੀਤੀ ਗਈ ਸੀ, ਖਾਸ ਕਰਕੇ 'ਐਡਵੈਂਟ' (ਕ੍ਰਿਸਮਸ ਤੋਂ ਪਹਿਲਾਂ ਦਾ ਪਵਿੱਤਰ ਸਮਾਂ) ਦੌਰਾਨ ਅਜਿਹਾ ਕਰਨਾ ਈਸਾਈ ਧਰਮ ਪ੍ਰਤੀ ਅਨਾਦਰ ਦਰਸਾਉਂਦਾ ਹੈ। ਦਿੱਲੀ ਪੁਲਿਸ ਨੇ ਭਾਰਤੀ ਨਿਆ ਸੰਹਿਤਾ (BNS) ਦੀ ਧਾਰਾ 302 ਤਹਿਤ ਮਾਮਲਾ ਦਰਜ ਕਰਕੇ ਡਿਜੀਟਲ ਸਬੂਤਾਂ ਅਤੇ ਸੋਸ਼ਲ ਮੀਡੀਆ ਪੋਸਟਾਂ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ। ਪੁਲਿਸ ਦਾ ਕਹਿਣਾ ਹੈ ਕਿ ਜਨਤਕ ਤੌਰ 'ਤੇ ਕਿਸੇ ਵੀ ਧਾਰਮਿਕ ਪ੍ਰਤੀਕ ਦਾ ਮਜ਼ਾਕ ਉਡਾਉਣਾ ਕਾਨੂੰਨੀ ਅਪਰਾਧ ਹੈ।
