ਭੰਨਤੋੜ ਦੀਆਂ ਅਫਵਾਹਾਂ ਫੈਲਾਉਣ ਵਾਲਿਆਂ ਵਿਰੁੱਧ ਦਰਜ ਹੋਵੇਗੀ FIR : ਰੇਖਾ ਗੁਪਤਾ
Monday, Jun 09, 2025 - 12:38 AM (IST)

ਨਵੀਂ ਦਿੱਲੀ- ਦਿੱਲੀ ਦੀ ਮੁੱਖ ਮੰਤਰੀ ਰੇਖਾ ਗੁਪਤਾ ਨੇ ਐਤਵਾਰ ਸਪੱਸ਼ਟ ਸ਼ਬਦਾਂ ’ਚ ਕਿਹਾ ਕਿ ਘਰ ਦਿੱਤੇ ਬਿਨਾਂ ਕੋਈ ਵੀ ਝੁੱਗੀ ਨਹੀਂ ਹਟਾਈ ਜਾਵੇਗੀ। ਹੁਣ ਤੱਕ ਜੋ ਕਾਰਵਾਈ ਹੋਈ ਹੈ, ਉਹ ਅਦਾਲਤ ਦੇ ਹੁਕਮਾਂ ਅਧੀਨ ਨਾਜਾਇਜ਼ ਕਬਜ਼ਿਆਂ ਵਿਰੁੱਧ ਹੈ ਜਿਨ੍ਹਾਂ ਕਾਰਨ ਆਵਾਜਾਈ ਤੇ ਨਾਲਿਆਂ ਦੇ ਪਾਣੀ ’ਚ ਰੁਕਾਵਟ ਆਉਂਦੀ ਸੀ।
ਉਨ੍ਹਾਂ ਵਿਰੋਧੀਆਂ ਨੂੰ ਸਖ਼ਤ ਸੰਦੇਸ਼ ਦਿੱਤਾ ਕਿ ਭੰਨਤੋੜ ਦੀਆਂ ਅਫਵਾਹਾਂ ਫੈਲਾਉਣ ਵਾਲਿਆਂ ਵਿਰੁੱਧ ਸਖ਼ਤ ਕਾਰਵਾਈ ਕੀਤੀ ਜਾਵੇਗੀ। ਨਾਲ ਹੀ ਐੱਫ. ਆਈ. ਆਰ. ਵੀ ਦਰਜ ਹੋਵੇਗੀ। ਝੁੱਗੀਆਂ-ਝੌਂਪੜੀਆਂ ਲਈ ਵਿਕਾਸ ਕਾਰਜਾਂ ਦਾ ਉਦਘਾਟਨ ਕਰਦੇ ਹੋਏ ਉਨ੍ਹਾਂ ਕਿਹਾ ਕਿ ਕਾਂਗਰਸ ਜਾਂ ‘ਆਪ’ ਦੀਆਂ ਸਰਕਾਰਾਂ ਨੇ ਝੁੱਗੀਆਂ-ਝੌਂਪੜੀਆਂ ਵਾਲਿਆਂ ਦੀ ਪਰਵਾਹ ਨਹੀਂ ਕੀਤੀ, ਸਿਰਫ਼ ਡਰਾਇਆ-ਧਮਕਾਇਆ ਤੇ ਸਿਆਸਤ ਖੇਡੀ।
ਪਹਿਲੀ ਵਾਰ ਦਿੱਲੀ ’ਚ ਅਜਿਹੀ ਸਰਕਾਰ ਆਈ ਹੈ ਜਿਸ ਨੇ ਝੁੱਗੀਆਂ-ਝੌਂਪੜੀਆਂ ਲਈ 700 ਕਰੋੜ ਦਾ ਫੰਡ ਰੱਖਿਆ ਹੈ। ਅੱਜ ਝੁੱਗੀਆਂ-ਝੌਂਪੜੀਆਂ ਲਈ 42 ਲੱਖ ਰੁਪਏ ਦੀ ਲਾਗਤ ਨਾਲ 20 ਪਖਾਨੇ ਅਤੇ 6 ਬਾਥਰੂਮ ਪ੍ਰਵਾਣ ਕੀਤੇ ਗਏ ਹਨ। ਮੈਂ ਇਨ੍ਹਾਂ ਝੁੱਗੀਆਂ-ਝੌਂਪੜੀਆਂ ਦੀਆਂ ਧੀਆਂ ਨਾਲ ਕੀਤਾ ਵਾਅਦਾ ਪੂਰਾ ਕੀਤਾ ਹੈ।