ਸ਼ਿਵਰਾਜ ਚੌਹਾਨ ਦੇ ਵੀਡੀਓ ''ਚ ਛੇੜਛਾੜ ਨੂੰ ਲੈ ਕੇ ਦਿਗਵਿਜੇ ''ਤੇ FIR
Tuesday, Jun 16, 2020 - 02:02 AM (IST)
ਭੋਪਾਲ : ਮੱਧ ਪ੍ਰਦੇਸ਼ ਦੇ ਮੁੱਖ ਮੰਤਰੀ ਸ਼ਿਵਰਾਜ ਸਿੰਘ ਚੌਹਾਨ ਨਾਲ ਜੁਡ਼ੇ ਵੀਡੀਓ 'ਚ ਛੇੜਛਾੜ ਕਰ ਉਸ ਨੂੰ ਸੋਸ਼ਲ ਮੀਡੀਆ 'ਤੇ ਵਾਇਰਲ ਕਰਣ ਦੇ ਮਾਮਲੇ 'ਚ ਸਾਬਕਾ ਮੁੱਖ ਮੰਤਰੀ ਅਤੇ ਸੀਨੀਅਰ ਕਾਂਗਰਸ ਨੇਤਾ ਦਿਗਵਿਜੇ ਸਿੰਘ ਖਿਲਾਫ ਐੱਫ. ਆਈ. ਆਰ. ਦਰਜ ਕੀਤੀ ਗਈ ਹੈ। ਸ਼ਿਕਾਇਤ 'ਚ ਕਿਹਾ ਗਿਆ ਹੈ ਕਿ ਦਿਗਵਿਜੇ ਸਿੰਘ ਨੇ ਆਪਣੇ ਆਧਿਕਾਰਕ ਟਵਿੱਟਰ ਅਕਾਊਂਟ ਤੋਂ 14 ਜੂਨ ਨੂੰ ਲੱਗਭੱਗ 9 ਸਕਿੰਡ ਦਾ ਇੱਕ ਵੀਡੀਓ ਪੋਸਟ ਕੀਤਾ ਹੈ, ਜਿਸ 'ਚ ਸ਼ਰਾਬ ਨੂੰ ਲੈ ਕੇ ਕੁੱਝ ਗੱਲਾਂ ਕਹੀਆਂ ਗਈਆਂ ਹਨ। ਇਸ ਵੀਡੀਓ 'ਚ ਸ਼ਿਵਰਾਜ ਚੌਹਾਨ ਦਿਖਾਈ ਦੇ ਰਹੇ ਹਨ।
ਸ਼ਿਕਾਇਤ ਦੇ ਅਨੁਸਾਰ ਚੌਹਾਨ ਨੇ ਇਸ ਸਾਲ 12 ਜਨਵਰੀ ਨੂੰ ਇੱਕ ਵੀਡੀਓ ਆਪਣੇ ਟਵਿੱਟਰ ਅਕਾਊਂਟ 'ਤੇ ਸ਼ੇਅਰ ਕੀਤਾ ਸੀ, ਜਿਸ 'ਚ ਉਹ ਪੱਤਰਕਾਰ ਦੇ ਸਵਾਲਾਂ ਦਾ ਜਵਾਬ ਦੇ ਰਹੇ ਹਨ। ਇਹ ਸਵਾਲ ਉਸ ਵੇਲੇ ਦੀ ਕਾਂਗਰਸ ਸਰਕਾਰ ਦੀ ਆਬਕਾਰੀ ਨੀਤੀ ਨਾਲ ਸਬੰਧਤ ਸੀ। ਇਹ ਵੀਡੀਓ 2 ਮਿੰਟ 19 ਸਕਿੰਡ ਦਾ ਸੀ ਪਰ ਦਿਗਵਿਜੇ ਨੇ ਸ਼ਿਵਰਾਜ ਨੂੰ ਬਦਨਾਮ ਕਰਣ ਦੀ ਨੀਅਤ ਨਾਲ ਸਿਰਫ 9 ਸਕਿੰਡ ਦਾ ਵੀਡੀਓ ਛੇੜਛਾੜ ਕਰ ਸੋਸ਼ਲ ਮੀਡੀਆ 'ਤੇ ਸ਼ੇਅਰ ਕੀਤਾ।
ਉਥੇ ਹੀ ਕਾਂਗਰਸ ਨੇਤਾ ਦਿਗਵਿਜੇ ਸਿੰਘ ਨੇ ਕਿਹਾ ਕਿ ਇਸ ਗੱਲ ਦੀ ਵੀ ਜਾਂਚ ਹੋਣੀ ਚਾਹੀਦੀ ਹੈ ਕਿ ਇਸ ਵੀਡੀਓ 'ਚ ਛੇੜਛਾੜ ਕਿਸ ਨੇ ਕੀਤੀ ਹੈ। ਉਨ੍ਹਾਂ ਨੇ ਸ਼ਿਵਰਾਜ ਚੌਹਾਨ ਦੇ ਵਿਧਾਨਸਭਾ ਖੇਤਰ ਬੁਧਨੀ ਦੇ ਕੁੱਝ ਮਾਮਲੇ ਚੁੱਕੇ ਹਨ। ਇਸ ਕਾਰਣ ਉਨ੍ਹਾਂ ਖਿਲਾਫ ਅਜਿਹੀ ਕਾਰਵਾਈ ਕੀਤੀ ਜਾ ਰਹੀ ਹੈ।