ਫੋਨ ਟੈਪਿੰਗ ਮਾਮਲੇ ’ਚ ਬੀ. ਆਰ. ਐੱਸ. ਵਿਧਾਇਕ ਖਿਲਾਫ ਐੱਫ. ਆਈ. ਆਰ. ਰੱਦ
Thursday, Mar 20, 2025 - 10:14 PM (IST)

ਹੈਦਰਾਬਾਦ, (ਭਾਸ਼ਾ)- ਤੇਲੰਗਾਨਾ ਹਾਈ ਕੋਰਟ ਨੇ ਭਾਰਤ ਰਾਸ਼ਟਰ ਸਮਿਤੀ (ਬੀ. ਆਰ. ਐੱਸ.) ਦੇ ਸੀਨੀਅਰ ਨੇਤਾ ਅਤੇ ਵਿਧਾਇਕ ਟੀ. ਹਰੀਸ਼ ਰਾਓ ਨੂੰ ਰਾਹਤ ਦਿੰਦੇ ਹੋਏ ਪਿਛਲੇ ਸਾਲ ਸਿੱਦੀਪੇਟ ਜ਼ਿਲੇ ਦੇ ਇਕ ਰੀਅਲ ਅਸਟੇਟ ਏਜੰਟ ਨਾਲ ਸਬੰਧਤ ਫੋਨ ਟੈਪਿੰਗ ਮਾਮਲੇ ’ਚ ਉਨ੍ਹਾਂ ਖਿਲਾਫ ਦਰਜ ਐੱਫ. ਆਈ. ਆਰ. ਰੱਦ ਕਰ ਦਿੱਤੀ। ਹਰੀਸ਼ ਰਾਓ ਅਤੇ ਹੋਰਨਾਂ ਦੇ ਖਿਲਾਫ ਜੀ. ਚਕਰਧਰ ਗੌੜ ਦੀ ਸ਼ਿਕਾਇਤ ’ਤੇ ਇਥੇ ਪੰਜਾਗੁੱਟਾ ਪੁਲਸ ਥਾਣੇ ’ਚ ਮਾਮਲਾ ਦਰਜ ਕੀਤਾ ਗਿਆ ਸੀ।
ਗੌੜ ਨੇ ਦੋਸ਼ ਲਾਇਆ ਸੀ ਕਿ ਰਾਓ ਨੇ ਉਨ੍ਹਾਂ ਦਾ ਫੋਨ ਟੈਪ ਕਰਵਾਇਆ ਸੀ। ਸ਼ਿਕਾਇਤਕਰਤਾ ਨੇ ਸਾਬਕਾ ਮੁੱਖ ਮੰਤਰੀ ਦੇ ਚੰਦਰਸ਼ੇਖਰ ਰਾਓ ਦੇ ਭਤੀਜੇ ਅਤੇ ਸਾਬਕਾ ਬੀ. ਆਰ. ਐੱਸ. ਸਰਕਾਰ ਦੌਰਾਨ ਮੰਤਰੀ ਰਹੇ ਹਰੀਸ਼ ਰਾਓ ’ਤੇ ਉਨ੍ਹਾਂ ਦੀ ਅਤੇ ਉਨ੍ਹਾਂ ਦੇ ਸਾਥੀਆਂ ਤੇ ਪਰਿਵਾਰਕ ਮੈਂਬਰਾਂ ਦੀਆਂ ਸਰਗਰਮੀਆਂ ’ਤੇ ਨਜ਼ਰ ਰੱਖਣ ਲਈ ਸੂਬੇ ਦੇ ਖੁਫੀਆ ਤੰਤਰ ਦੀ ਦੁਰਵਰਤੋ’ ਕਰਨ ਦਾ ਦੋਸ਼ ਲਾਇਆ ਸੀ।