ਜਨਤਕ ਥਾਵਾਂ 'ਤੇ ਪਾਨ-ਗੁਟਖਾ ਥੁੱਕਣ ਤੇ ਚਿਊਇੰਗ ਗਮ ਸੁੱਟਣ 'ਤੇ ਕੱਟੇਗਾ ਚਾਲਾਨ, MCG ਵੱਲੋਂ ਨਿਰਦੇਸ਼ ਜਾਰੀ
Wednesday, Oct 21, 2026 - 11:49 PM (IST)
ਗੁਰੂਗ੍ਰਾਮ : ਹਰਿਆਣਾ ਦੇ ਗੁਰੂਗ੍ਰਾਮ ਵਿੱਚ ਜਨਤਕ ਥਾਵਾਂ 'ਤੇ ਗੰਦਗੀ ਫੈਲਾਉਣ ਵਾਲਿਆਂ ਖ਼ਿਲਾਫ਼ ਨਗਰ ਨਿਗਮ ਗੁਰੂਗ੍ਰਾਮ (MCG) ਨੇ ਸਖ਼ਤ ਕਾਰਵਾਈ ਦੀ ਤਿਆਰੀ ਕਰ ਲਈ ਹੈ। ਨਗਰ ਨਿਗਮ ਵੱਲੋਂ ਜਾਰੀ ਜਨਤਕ ਨੋਟਿਸ ਅਨੁਸਾਰ ਸ਼ਹਿਰ ਵਿੱਚ ਪਾਨ, ਗੁਟਖਾ, ਤੰਬਾਕੂ ਥੁੱਕਣ ਅਤੇ ਚਿਊਇੰਗ ਗਮ ਸੁੱਟਣ ਵਾਲਿਆਂ ਦੇ ਚਾਲਾਨ ਕੱਟਣ ਦਾ ਐਲਾਨ ਕੀਤਾ ਗਿਆ ਹੈ। ਇਸ ਕਦਮ ਦਾ ਮੁੱਖ ਮਨੋਰਥ ਸ਼ਹਿਰ ਵਿੱਚ ਸਾਫ਼-ਸਫ਼ਾਈ ਬਣਾਏ ਰੱਖਣਾ ਅਤੇ ਜਨਤਕ ਥਾਵਾਂ 'ਤੇ ਗੰਦਗੀ ਫੈਲਾਉਣ ਦੀਆਂ ਘਟਨਾਵਾਂ 'ਤੇ ਠੱਲ੍ਹ ਪਾਉਣਾ ਹੈ।
ਨਗਰ ਨਿਗਮ ਦੀ ਨੋਟੀਫ਼ਿਕੇਸ਼ਨ ਮੁਤਾਬਕ MCG ਦੇ ਅਧਿਕਾਰ ਖੇਤਰ ਹੇਠ ਆਉਂਦੀਆਂ ਸਾਰੀਆਂ ਜਨਤਕ ਥਾਵਾਂ 'ਤੇ ਥੁੱਕਣਾ ਪੂਰਨ ਤੌਰ 'ਤੇ ਵਰਜਿਤ ਹੈ। ਇਸ ਵਿੱਚ ਸੜਕਾਂ, ਫੁੱਟਪਾਥ, ਜਨਤਕ ਪਾਰਕ, ਬਾਜ਼ਾਰ, ਬੱਸ ਸਟਾਪ ਅਤੇ ਸਰਕਾਰੀ ਇਮਾਰਤਾਂ/ਪਰਿਸਰ ਸ਼ਾਮਲ ਹਨ। ਇਸ ਤੋਂ ਇਲਾਵਾ ਜਨਤਕ ਥਾਵਾਂ 'ਤੇ ਚਿਊਇੰਗ ਗਮ ਸੁੱਟਣ ਨੂੰ ਵੀ ਗੰਦਗੀ ਫੈਲਾਉਣ ਦੀ ਸ਼੍ਰੇਣੀ ਵਿੱਚ ਰੱਖਿਆ ਜਾਵੇਗਾ।
ਨਿਯਮਾਂ ਦੀ ਉਲੰਘਣਾ ਕਰਨ ਵਾਲਿਆਂ ਖ਼ਿਲਾਫ਼ 'ਹਰਿਆਣਾ ਨਗਰ ਨਿਗਮ ਐਕਟ, 1994' (ਧਾਰਾ 310 ਅਤੇ 393) ਅਤੇ ਨੋਟੀਫ਼ਾਈਡ ਸਫ਼ਾਈ ਉਪ-ਨਿਯਮਾਂ ਤਹਿਤ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ। MCG ਦੇ ਕਮਿਸ਼ਨਰ ਪ੍ਰਦੀਪ ਦਹੀਆ ਨੇ ਦੱਸਿਆ ਕਿ ਇਸ ਮੁਹਿੰਮ ਦਾ ਮਕਸਦ ਸ਼ਹਿਰ ਵਿੱਚ ਜਨ-ਸਿਹਤ ਅਤੇ ਸੁੰਦਰਤਾ ਨੂੰ ਬਰਕਰਾਰ ਰੱਖਣਾ ਹੈ। ਉਨ੍ਹਾਂ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਕੂੜਾ ਨਿਰਧਾਰਿਤ ਡਸਟਬਿਨਾਂ ਵਿੱਚ ਹੀ ਪਾਉਣ। ਨਿਗਮ ਅਧਿਕਾਰੀਆਂ ਨੂੰ ਉਲੰਘਣਾ ਕਰਨ ਵਾਲਿਆਂ ਦੇ ਚਾਲਾਨ ਕੱਟਣ ਅਤੇ ਉਨ੍ਹਾਂ ਦਾ ਪੂਰਾ ਰਿਕਾਰਡ ਰੱਖਣ ਦੇ ਹੁਕਮ ਦਿੱਤੇ ਗਏ ਹਨ।
