ਪਾਰਟੀ ''ਚ ਵੱਡੇ ਬਦਲਾਅ ਲਈ ਲੜ ਰਿਹਾ ਹਾਂ ਕਾਂਗਰਸ ਪ੍ਰਧਾਨ ਦੀ ਚੋਣ : ਮਲਿਕਾਰਜੁਨ ਖੜਗੇ
Friday, Sep 30, 2022 - 04:15 PM (IST)
ਨਵੀਂ ਦਿੱਲੀ (ਭਾਸ਼ਾ)- ਕਾਂਗਰਸ ਪ੍ਰਧਾਨ ਦੇ ਅਹੁਦੇ ਲਈ ਨਾਮਜ਼ਦਗੀ ਪੱਤਰ ਦਾਖ਼ਲ ਕਰਨ ਤੋਂ ਬਾਅਦ ਸੀਨੀਅਰ ਨੇਤਾ ਮਲਿਕਾਰਜੁਨ ਖੜਗੇ ਨੇ ਸ਼ੁੱਕਰਵਾਰ ਨੂੰ ਕਿਹਾ ਕਿ ਉਹ ਇਹ ਚੋਣ ਪਾਰਟੀ 'ਚ ਵੱਡੇ ਬਦਲਾਅ ਲਈ ਲੜ ਰਹੇ ਹਨ। ਉਨ੍ਹਾਂ ਨੇ ਸਾਰੇ ਡੈਲੀਗੇਟਾਂ (ਇਲੈਕਟੋਰਲ ਮੰਡਲ ਦੇ ਮੈਂਬਰਾਂ) ਨੂੰ ਵੀ ਇਸ ਚੋਣ 'ਚ ਉਨ੍ਹਾਂ ਦੇ ਹੱਕ 'ਚ ਵੋਟ ਪਾਉਣ ਦੀ ਅਪੀਲ ਕੀਤੀ। ਨਾਮਜ਼ਦਗੀ ਪੱਤਰ ਦਾਖ਼ਲ ਕਰਨ ਤੋਂ ਬਾਅਦ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਖੜਗੇ ਨੇ ਕਿਹਾ,''ਕਾਂਗਰਸ ਪ੍ਰਧਾਨ ਦੀ ਚੋਣ 'ਚ ਮੇਰਾ ਸਮਰਥਨ ਕਰਨ ਵਾਲੇ ਸਾਰੇ ਸੂਬਿਆਂ ਦੇ ਸੀਨੀਅਰ ਨੇਤਾਵਾਂ ਪ੍ਰਤੀ ਮੈਂ ਆਭਾਰ ਜ਼ਾਹਰ ਕਰਦਾ ਹਾਂ।''
ਇਹ ਵੀ ਪੜ੍ਹੋ : ਦਿਗਵਿਜੇ ਨਹੀਂ ਲੜਨਗੇ ਕਾਂਗਰਸ ਪ੍ਰਧਾਨ ਅਹੁਦੇ ਦੀ ਚੋਣ, ਮਲਿਕਾਰਜੁਨ ਖੜਗੇ ਦਾ ਕਰਨਗੇ ਸਮਰਥਨ
ਰਾਜ ਸਭਾ 'ਚ ਵਿਰੋਧੀ ਧਿਰ ਦੇ ਨੇਤਾ ਖੜਗੇ ਦੀ ਉਮੀਦਵਾਰੀ ਦੇ ਪ੍ਰਸਤਾਵਕਾਂ 'ਚ ਪਾਰਟੀ ਨੇਤਾ ਅਸ਼ੋਕ ਗਹਿਲੋਤ, ਦਿਗਵਿਜੇ ਸਿੰਘ, ਪ੍ਰਮੋਦ ਤਿਵਾੜੀ, ਪੀ.ਐੱਲ. ਪੁਨੀਆ, ਏ.ਕੇ. ਐਂਟਨੀ, ਪਵਨ ਕੁਮਾਰ ਬਾਂਸਲ ਅਤੇ ਮੁਕੁਲ ਵਾਸਨਿਕ ਸ਼ਾਮਲ ਰਹੇ। ਕਾਂਗਰਸ 'ਚ ਤਬਦੀਲੀ ਦੀ ਵਕਾਲਤ ਕਰਨ ਵਾਲੇ ਜੀ23 ਸਮੂਹ ਦੇ ਨੇਤਾ ਆਨੰਦ ਸ਼ਰਮਾ ਅਤੇ ਮਨੀਸ਼ ਤਿਵਾੜੀ ਵੀ ਖੜਗੇ ਦੇ ਨਾਮਜ਼ਦਗੀ ਦੇ ਪ੍ਰਸਤਾਵਕਾਂ 'ਚ ਸ਼ਾਮਲ ਸਨ। ਖੜਗੇ ਕਾਂਗਰਸ ਦੇ ਸਭ ਤੋਂ ਅਨੁਭਵੀ ਨੇਤਾਵਾਂ 'ਚ ਸ਼ਾਮਲ ਹਨ ਅਤੇ ਉਹ ਦਲਿਤ ਵੀ ਹਨ। ਅੱਜ ਕਾਂਗਰਸ ਪ੍ਰਧਾਨ ਅਹੁਦੇ ਲਈ ਨਾਮਜ਼ਦਗੀ ਪੱਤਰ ਦਾਖ਼ਲ ਕਰਨ ਦਾ ਆਖ਼ਰੀ ਦਿਨ ਹੈ।
ਨੋਟ : ਇਸ ਖ਼ਬਰ ਸੰਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਬਾਕਸ 'ਚ ਦਿਓ ਜਵਾਬ