ਦਿੱਲੀ ਦੇ ਚਿੜੀਆਘਰ ’ਚ ਮਾਦਾ ਬਾਘ ਦੀ ਮੌਤ, ਕੋਰੋਨਾ ਦੀ ਜਾਂਚ ਲਈ ਭੇਜੇ ਗਏ ਨਮੂਨੇ
Saturday, Apr 25, 2020 - 01:42 AM (IST)
ਨਵੀਂ ਦਿੱਲੀ (ਭਾਸ਼ਾ) – ਦਿੱਲੀ ਦੇ ਚਿੜੀਆਘਰ ’ਚ ‘ਕਿਡਨੀ ਖਰਾਬ’ ਹੋਣ ਨਾਲ ਇਕ ਮਾਦਾ ਬਾਘ ਦੀ ਮੌਤ ਹੋ ਗਈ। ਅਧਿਕਾਰੀਆਂ ਨੇ ਉਸ ਦੇ ਨਮੂਨਿਆਂ ਨੂੰ ਕੋਰੋਨਾ ਵਾਇਰਸ ਦੀ ਜਾਂਚ ਲਈ ਭੇਜ ਦਿੱਤਾ ਹੈ। ਵਾਤਾਵਰਣ ਮੰਤਰਾਲਾ ਦੇ ਇਕ ਅਧਿਕਾਰੀ ਨੇ ਕਿਹਾ ਕਿ ਕਲਪਨਾ ਨਾਂ ਦੀ 14 ਸਾਲਾ ਮਾਦਾ ਬਾਘ ਦੀ ਬੁੱਧਵਾਰ ਸ਼ਾਮ ਨੂੰ ਮੌਤ ਹੋ ਗਈ। ਉਸ ਨੂੰ ਵੀਰਵਾਰ ਨੂੰ ਦਫਨਾ ਦਿੱਤਾ ਗਿਆ।
ਅਧਿਕਾਰੀ ਨੇ ਕਿਹਾ ਕਿ ਮਾਦਾ ਬਾਘ ਬਹੁਤ ਕਮਜ਼ੋਰ ਹੋ ਗਈ ਸੀ। ਉਸ ਦੀ ਪੋਸਟਮਾਰਟਮ ਰਿਪੋਰਟ ’ਚ ਕ੍ਰਿਏਟਨਿਨ ਪੱਧਰ ਬਹੁਤ ਜਿਆਦਾ ਵਧਣ ਦੀ ਗੱਲ ਸਾਹਮਣੇ ਆਈ ਹੈ। ਉਨ੍ਹਾਂ ਨੇ ਕਿਹਾ ਕਿ ਕੋਰੋਨਾ ਵਾਇਰਸ ਦੇ ਮੱਦੇਨਜ਼ਰ ਜਾਰੀ ਦਿਸ਼ਾ-ਨਿਰਦੇਸ਼ਾਂ ਮੁਤਾਬਕ ਦਫਨਾਉਣ ਦੌਰਾਨ ਕੁਝ ਹੀ ਅਧਿਕਾਰੀ ਮੌਜੂਦ ਸਨ। ਅਧਿਕਾਰੀ ਨੇ ਕਿਹਾ ਕਿ ਉਸ ਨੇ ਨਮੂਨਿਆਂ ਨੂੰ ਕੋਰੋਨਾ ਵਾਇਰਸ ਦੀ ਜਾਂਚ ਲਈ ਬਰੇਲੀ ਦੇ ਭਾਰਤੀ ਪਸ਼ੂ ਮੈਡੀਕਲ ਸੰਸਥਾਨ ਭੇਜ ਦਿੱਤਾ ਗਿਆ ਹੈ। ਕੇਂਦਰੀ ਚਿੜੀਆਘਰ ਅਥਾਰਿਟੀ ਦੇ ਸਾਬਕਾ ਮੈਂਬਰ ਸਕੱਤਰ ਡੀ. ਐੱਨ. ਸਿੰਘ ਨੇ ਸ਼ੁੱਕਰਵਾਰ ਨੂੰ ਚਿੜੀਆਘਰ ਦੇ ਅਧਿਕਾਰੀਆਂ ’ਤੇ ਲਾਪਰਵਾਹੀ ਵਰਤਣ ਦਾ ਦੋਸ਼ ਲਾਇਆ। ਸਿੰਘ ਨੇ ਕਿਹਾ ਕਿ ਅਜਿਹਾ ਪ੍ਰਤੀਤ ਹੁੰਦਾ ਹੈ ਕਿ ਮਾਦਾ ਬਾਘ ਦੀ ਮੌਤ ਡੀਹਾਈਡ੍ਰਸ਼ਨ ਕਾਰਣ ਹੋਈ।