‘ਗਗਨਯਾਨ’ ਮਿਸ਼ਨ ਤੋਂ ਪਹਿਲਾਂ ਮਹਿਲਾ ਰੋਬੋਟ ‘ਵਿਓਮਮਿੱਤਰ’ ਜਾਵੇਗੀ ਪੁਲਾੜ, ਜਾਣੋ ਕਿਵੇਂ ਕਰੇਗੀ ਕੰਮ
Monday, Feb 05, 2024 - 11:45 AM (IST)
ਨਵੀਂ ਦਿੱਲੀ- ਇਸਰੋ ਦੇ ਮਹੱਤਵਪੂਰਨ ‘ਗਗਨਯਾਨ’ ਮਿਸ਼ਨ ਤੋਂ ਪਹਿਲਾਂ ਮਹਿਲਾ ਰੋਬੋਟ ਪੁਲਾੜ ਯਾਤਰੀ 'ਵਿਓਮਮਿੱਤਰ’ ਪੁਲਾੜ ’ਚ ਉਡਾਣ ਭਰੇਗੀ, ਜੋ ਭਾਰਤੀ ਪੁਲਾੜ ਯਾਤਰੀਆਂ ਨੂੰ ਪੁਲਾੜ ’ਚ ਲਿਜਾਉਣ ਵਾਲੀ ਭਾਰਤ ਦੀ ਪਹਿਲੀ ਮਨੁੱਖੀ ਪੁਲਾੜ ਉਡਾਣ ਹੋਵੇਗੀ। ਕੇਂਦਰੀ ਵਿਗਿਆਨ, ਤਕਨਾਲੋਜੀ ਅਤੇ ਪੁਲਾੜ ਰਾਜ ਮੰਤਰੀ (ਸੁਤੰਤਰ ਚਾਰਜ) ਜਿਤੇਂਦਰ ਸਿੰਘ ਨੇ ਨਵੀਂ ਦਿੱਲੀ ’ਚ ਮੀਡੀਆ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਮਨੁੱਖੀ ਵਿਓਮਮਿੱਤਰ ਮਿਸ਼ਨ ਇਸ ਸਾਲ ਦੀ ਤੀਜੀ ਤਿਮਾਹੀ ਲਈ ਤਹਿ ਕੀਤਾ ਗਿਆ ਹੈ।
ਮਿਸ਼ਨ ਗਗਨਯਾਨ 2025 ’ਚ ਲਾਂਚ ਹੋਣ ਜਾ ਰਿਹਾ ਹੈ। ਵਿਓਮਮਿੱਤਰ ਇਕ ਨਾਮ ਹੈ, ਜੋ ਦੋ ਸੰਸਕ੍ਰਿਤ ਸ਼ਬਦਾਂ ਤੋਂ ਲਿਆ ਗਿਆ ਹੈ ਅਰਥਾਤ ਵਿਓਮ (ਭਾਵ ਸਪੇਸ) ਅਤੇ ਮਿੱਤਰ (ਮਤਲਬ ਦੋਸਤ)। ਮੰਤਰੀ ਨੇ ਕਿਹਾ ਕਿ ਇਹ ਮਹਿਲਾ ਰੋਬੋਟਿਕ ਪੁਲਾੜ ਯਾਤਰੀ ਮਾਡਿਊਲ ਪੈਰਾਮੀਟਰਾਂ ਦੀ ਨਿਗਰਾਨੀ ਕਰਨ, ਅਲਰਟ ਜਾਰੀ ਕਰਨ ਅਤੇ ਜੀਵਨ ਸਹਾਇਤਾ ਕਾਰਜ ਕਰਨ ਦੀ ਸਮਰੱਥਾ ਨਾਲ ਲੈਸ ਹੈ। ਇਹ 6 ਪੈਨਲਾਂ ਨੂੰ ਚਲਾਉਣ ਅਤੇ ਸਵਾਲਾਂ ਦੇ ਜਵਾਬ ਦੇਣ ਵਰਗੇ ਕੰਮ ਕਰ ਸਕਦਾ ਹੈ।
ਦੱਸ ਦੇਈਏ ਕਿ ਸਾਲ ਦੇ ਪਹਿਲੇ ਦਿਨ ਇਸਰੋ ਨੇ PSLV C58 ਮਿਸ਼ਨ ਦੇ ਤਹਿਤ ਆਪਣੇ ਪਹਿਲੇ 'ਐਕਸ-ਰੇ ਪੋਲਰੀਮੀਟਰ' ਸੈਟੇਲਾਈਟ (ਐਕਸਪੋਸੈਟ) ਨੂੰ ਆਰਬਿਟ ਵਿਚ ਸਫਲਤਾਪੂਰਵਕ ਰੱਖਿਆ ਸੀ। ਇਸ ਤੋਂ ਬਾਅਦ ਇਸਰੋ ਦੇ ਚੇਅਰਮੈਨ ਨੇ ਕਿਹਾ ਸੀ ਕਿ ਅਸੀਂ ਇਸ ਸਾਲ ਘੱਟੋ-ਘੱਟ 12-14 ਮਿਸ਼ਨਾਂ ਲਈ ਤਿਆਰ ਹੋਣ ਜਾ ਰਹੇ ਹਾਂ। 2024 ਗਗਨਯਾਨ ਦੀਆਂ ਤਿਆਰੀਆਂ ਦਾ ਸਾਲ ਹੋਣ ਜਾ ਰਿਹਾ ਹੈ, ਹਾਲਾਂਕਿ ਇਸ ਦਾ ਟੀਚਾ 2025 ਹੈ।