ਮਹਿਲਾ ਕਾਂਸਟੇਬਲ ਨੇ ਦਿੱਤੀ ਸੈਕਸ ਚੇਂਜ ਕਰਵਾਉਣ ਦੀ ਅਰਜ਼ੀ
Friday, Nov 17, 2017 - 10:40 AM (IST)

ਮੁੰਬਈ— ਮਹਾਰਾਸ਼ਟਰ ਪੁਲਸ ਦੇ ਸੀਨੀਅਰ ਅਧਿਕਾਰੀ ਇੰਨੀਂ ਦਿਨੀਂ ਪਰੇਸ਼ਾਨੀ 'ਚ ਹਨ। ਇਕ ਮਹਿਲਾ ਪੁਲਸ ਕਾਂਸਟੇਬਲ ਨੇ ਅਧਿਕਾਰੀਆਂ ਨੂੰ ਪੱਤਰ ਲਿਖ ਕੇ ਉਨ੍ਹਾਂ ਤੋਂ ਆਪਣਾ ਸੈਕਸ ਚੇਂਜ ਕਰਵਾਉਣ ਲਈ ਸਰਜਰੀ ਦੀ ਮਨਜ਼ੂਰੀ ਮੰਗੀ ਹੈ। 27 ਸਾਲਾ ਲਲਿਤਾ ਸਾਲਵੀ ਨੇ ਆਪਣੇ ਅਧਿਕਾਰੀਆਂ ਅਤੇ ਸਟੇਟ ਡਿਪਟੀ ਜਨਰਲ ਸਤੀਸ਼ ਮਾਥੁਰ ਤੋਂ ਸੈਕਸ ਚੇਂਜ ਸਰਜਰੀ ਦੀ ਮਨਜ਼ੂਰੀ ਮੰਗੀ ਹੈ ਅਤੇ ਇਹ ਵੀ ਕਿਹਾ ਹੈ ਕਿ ਉਹ ਸਰਵਿਸ 'ਚ ਬਣੇ ਰਹਿਣਾ ਚਾਹੁੰਦੀ ਹੈ। ਇਕ ਪਾਸੇ ਜਿੱਥੇ ਸੈਕਸ ਚੇਂਜ ਕਰਵਾਉਣ ਦਾ ਫੈਸਲਾ ਵਿਅਕਤੀਗੱਤ ਹੁੰਦਾ ਹੈ, ਉੱਥੇ ਹੀ ਔਰਤ ਦੇ ਪੁਲਸ ਵਿਭਾਗ ਨਾਲ ਜੁੜੇ ਹੋਣ ਕਾਰਨ ਇਹ ਫੈਸਲਾ ਵਿਭਾਗ ਲਈ ਮੁਸ਼ਕਲ ਖੜ੍ਹੀ ਕਰ ਰਿਹਾ ਹੈ। ਮਹਿਲਾ ਕਾਂਸਟੇਬਲ ਦਾ ਕਹਿਣਾ ਹੈ ਕਿ ਉਸ ਨੂੰ ਔਰਤ ਦੇ ਰੂਪ 'ਚ ਰਹਿਣ 'ਚ ਪਰੇਸ਼ਾਨੀ ਹੋ ਰਹੀ ਹੈ। ਇਕ ਪੁਲਸ ਅਧਿਕਾਰੀ ਨੇ ਦੱਸਿਆ,''ਪਹਿਲੀ ਵਾਰ ਅਜਿਹਾ ਮਾਮਲਾ ਸਾਹਮਣੇ ਆਇਆ ਹੈ। ਅਸੀਂ ਪਰੇਸ਼ਾਨੀ ਹਾਂ, ਕਿਉਂਕਿ ਇਹ ਸਮਝ ਪਾਉਣਾ ਮੁਸ਼ਕਲ ਹੈ ਕਿ ਜੋ ਡਿਊਟੀ ਉਹ ਅਜੇ ਕਰ ਰਹੀ ਹੈ, ਕੀ ਬਾਅਦ 'ਚ ਵੀ ਉਸ ਨੂੰ ਕਰਨ 'ਚ ਸਮਰੱਥ ਹੋਵੇਗੀ?''
ਸਾਲਵੀ ਨੇ 2009 'ਚ ਮਹਾਰਾਸ਼ਟਰ ਪੁਲਸ ਜੁਆਇੰਨ ਕੀਤੀ ਸੀ ਅਤੇ ਕਰੀਬ 2 ਮਹੀਨੇ ਪਹਿਲਾਂ ਉਨ੍ਹਾਂ ਨੇ ਸੈਕਸ ਚੇਂਜ ਦੀ ਮਨਜ਼ੂਰੀ ਲਈ ਇਹ ਅਰਜ਼ੀ ਦਿੱਤੀ ਹੈ। ਮਜਾਲਾਗਾਓਂ 'ਚ ਪੋਸਟੇਡ ਸਾਲਵੀ ਨੇ ਆਪਣੇ ਅਧਿਕਾਰੀਆਂ ਨੂੰ ਦੱਸਿਆ ਕਿ ਉਨ੍ਹਾਂ ਨੂੰ ਜੈਂਡਰ ਆਈਡੈਂਟਿਟੀ ਡਿਸਆਰਡਰ ਹੈ। ਸਾਲਵੀ ਨਾਲ ਕੰਮ ਕਰਨ ਵਾਲੀ ਇਕ ਕਾਂਸਟੇਬਲ ਨੇ ਦੱਸਿਆ,''ਉਹ ਬੀਤੇ ਚਾਰ ਸਾਲਾਂ ਤੋਂ ਆਪਣੇ ਪੱਤਰ 'ਚ ਇਹ ਗੱਲ ਕਹਿ ਰਹੀ ਹੈ। ਸਾਲਵੀ ਨੇ ਆਪਣੀ ਸਰੀਰਕ ਬਣਾਵਟ 'ਚ ਅਜਿਹੀ ਤਬਦੀਲੀ ਮਹਿਸੂਸ ਕੀਤੀ, ਜੋ ਸਿਰਫ ਪੁਰਸ਼ਾਂ 'ਚ ਹੁੰਦੇ ਹਨ। ਇਸ ਤੋਂ ਬਾਅਦ ਉਸ ਨੂੰ ਲੱਗਾ ਕਿ ਉਹ ਇਕ ਪੁਰਸ਼ ਦੇ ਰੂਪ 'ਚ ਜ਼ਿਆਦਾ ਸਹਿਜ ਹੈ।''